ਅੱਪਰਾ, 12 ਮਾਰਚ (ਦਲਵਿੰਦਰ ਸਿੰਘ ਅੱਪਰਾ)-ਅੱਜ ਦੇ ਯੁੱਗ ਵਿਚ ਵੀ ਇਮਾਨਦਾਰੀ ਅਜੇ ਜ਼ਿੰਦਾ ਹੈ, ਜਿਸ ਦੀ ਤਾਜ਼ਾ ਮਿਸਾਲ ਅੱਜ ਕਸਬਾ ਅੱਪਰਾ ਵਿਖੇ ਦੇਖਣ ਲਈ ਮਿਲੀ | ਜਾਣਕਾਰੀ ਅਨੁਸਾਰ ਗਦੋਲੂ ਨਾਂਅ ਦਾ ਵਿਅਕਤੀ ਅੱਜ ਕੱਲ੍ਹ ਕਸਬਾ ਅੱਪਰਾ ਵਿਖੇ ਗਲੀਆਂ ਨਾਲੀਆਂ ਦੀ ਸਫ਼ਾਈ ਦਾ ਕੰਮ ਕਰਦਾ ਹੈ | ਬੀਤੇ ਦਿਨ ਗਦੋਲੂ ਆਪਣੇ ਸਾਥੀਆਂ ਦੇ ਨਾਲ ਦੁਰਗਾ ਮਾਤਾ ਮੰਦਰ ਦੇ ਨਜ਼ਦੀਕ ਵੱਡੇ ਨਾਲੇ ਦੀ ਸਫ਼ਾਈ ਕਰ ਰਿਹਾ ਸੀ ਤਾਂ ਉਸ ਨੂੰ ਇਕ ਮੋਬਾਈਲ ਫੋਨ ਮਿਲਿਆ | ਗਦੋਲੂ ਨੇ ਤੁਰੰਤ ਹੀ ਕੁਝ ਮੁਹਤਵਰ ਸੱਜਣਾਂ ਨਾਲ ਸੰਪਰਕ ਕੀਤਾ ਅਤੇ ਇਸ ਆਈ ਫੋਨ ਨੂੰ ਸ਼ਨਾਖ਼ਤ ਲਈ 'ਪੰਕਜ ਇਲੈਕਟ੍ਰੌਨਿਕ ਅਤੇ ਅਤੁਲ ਮੋਬਾਈਲ ਰਿਪੇਅਰ ਸ਼ਾਪ' 'ਤੇ ਰੱਖ ਦਿੱਤਾ ਗਿਆ | ਸੁਰਿੰਦਰ ਬੱਗਾ ਜੋ ਕਿ ਮੇਨ ਬਜ਼ਾਰ ਅੱਪਰਾ ਵਿਖੇ ਬੇਕਰੀ ਦੀ ਦੁਕਾਨ ਕਰਦੇ ਹਨ, ਉਨ੍ਹਾਂ ਨੇ ਮੋਬਾਈਲ ਦੇ ਮਾਲਕ ਨੂੰ ਲੱਭ ਲਿਆ ਅਤੇ ਮੁਹਤਵਰ ਸੱਜਣਾਂ ਦੀ ਹਾਜ਼ਰੀ 'ਚ ਮੋਬਾਈਲ ਦੇ ਮਾਲਕ ਨੂੰ ਵਾਪਸ ਕਰ ਦਿੱਤਾ | ਮੋਬਾਈਲ ਦੇ ਗੁਆਚਣ ਸੰਬੰਧੀ ਜਾਣਕਾਰੀ ਦਿੰਦਿਆਂ ਰੋਹਿਤ ਕੈਂਥ ਨੇ ਦੱਸਿਆ ਕਿ ਕਰੀਬ 9 ਮਹੀਨੇ ਪਹਿਲਾਂ ਉਸਦਾ ਮੋਟਰਸਾਈਕਲ ਦਾ ਦੁਰਗਾ ਮਾਤਾ ਮੰਦਰ ਦੇ ਨਜ਼ਦੀਕ ਹਾਦਸਾਗ੍ਰਸਤ ਹੋ ਗਿਆ ਸੀ ਅਤੇ ਉਸ ਦੇ ਪੈਰ 'ਤੇ ਗੰਭੀਰ ਸੱਟ ਲੱਗ ਗਈ ਸੀ | ਇਸੇ ਦੌਰਾਨ ਹੀ ਉਸ ਦਾ ਆਈ ਫੋਨ ਵੀ ਗੁਆਚ ਗਿਆ ਸੀ, ਜੋ ਕਿ ਕਾਫ਼ੀ ਭਾਲ਼ ਕਰਨ 'ਤੇ ਵੀ ਨਹੀਂ ਮਿਲਿਆ ਸੀ | ਅੱਜ ਸਫ਼ਾਈ ਕਰਮਚਾਰੀ ਦੀ ਬਦੌਲਤ ਉਸ ਨੂੰ ਆਪਣਾ ਨੌਂ ਮਹੀਨੇ ਪਹਿਲਾਂ ਗੁਆਚਾ ਹੋਇਆ ਫੋਨ ਮਿਲ ਗਿਆ | ਰਹਿਤ ਕੈਂਥ ਨੇ ਗਦੋਲੂ ਦਾ ਧੰਨਵਾਦ ਕਰਦਿਆਂ ਉਸ ਨੂੰ ਇਕ ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ | ਇਸ ਮੌਕੇ ਪੰਕਜ ਉੱਪਲ, ਅਤੁਲ ਉੱਪਲ, ਸੁਰਿੰਦਰ ਬੱਗਾ, ਸੁਖਦੀਪ ਸਿੰਘ ਨਾਗਰਾ, ਇਮਾਨਦਾਰੀ ਦੀ ਮਿਸਾਲ ਕਾਇਮ ਕਰਨ ਵਾਲਾ ਗਦੋਲੂ ਤੇ ਮੋਬਾਇਲ ਦਾ ਮਾਲਕ ਰਹਿਤ ਕੈਂਥ ਹਾਜ਼ਰ ਸਨ |