ਕਪੂਰਥਲਾ, 2 ਅਪ੍ਰੈਲ (ਅਮਰਜੀਤ ਕੋਮਲ)-ਸੁਲਤਾਨਪੁਰ ਲੋਧੀ ਹਲਕੇ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵਲੋਂ ਫੱਤੂਢੀਂਗਾ ਪੰਚਾਇਤ ਸੰਮਤੀ ਦੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੀਤੀ ਗਈ ਕਾਨੂੰਨੀ ਚਾਰਾਜੋਈ ਤੋਂ ਬਾਅਦ ਹਾਈ ਕੋਰਟ ਵਲੋਂ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਪੰਚਾਇਤ ਸੰਮਤੀ ਫੱਤੂਢੀਂਗਾ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਹੁਣ 4 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਵਿਚ ਹੋਵੇਗੀ | ਚੋਣ ਲਈ ਹਾਈ ਕੋਰਟ ਵਲੋਂ ਇਕ ਅਬਜ਼ਰਵਰ ਵੀ ਨਿਯੁਕਤ ਕੀਤਾ ਗਿਆ ਹੈ, ਜਿਸ ਦੀ ਦੇਖ ਰੇਖ ਹੇਠ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਪ੍ਰਕਿਰਿਆ ਪੂਰੀ ਹੋਵੇਗੀ | ਹਾਈ ਕੋਰਟ ਵਲੋਂ ਦਿੱਤੇ ਗਏ ਫ਼ੈਸਲੇ ਦੀ ਪੁਸ਼ਟੀ ਕਰਦਿਆਂ ਰਾਣਾ ਇੰਦਰਪ੍ਰਤਾਪ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਪਾਰਦਰਸ਼ੀ ਢੰਗ ਨਾਲ 4 ਅਪ੍ਰੈਲ ਨੂੰ ਚੋਣ ਕਰਵਾਉਣ ਲਈ ਦਿੱਤੇ ਗਏ ਫ਼ੈਸਲੇ 'ਤੇ ਹਾਈ ਕੋਰਟ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸੱਤਾਧਾਰੀ ਪਾਰਟੀ ਦੇ ਕਥਿਤ ਦਬਾਅ ਹੇਠ ਆ ਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਪੰਚਾਇਤ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਤਿੰਨ ਵਾਰ ਮੁਲਤਵੀ ਕਰ ਚੁੱਕਾ ਹੈ ਤੇ ਬੀਤੇ ਦਿਨ ਪੰਚਾਇਤ ਸੰਮਤੀ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਜੋ ਐਸ. ਡੀ. ਐਮ. ਕਪੂਰਥਲਾ ਮੇਜਰ ਡਾ. ਇਰਵਿਨ ਕੌਰ ਦੀ ਦੇਖ ਰੇਖ ਹੇਠ ਕਰਵਾਈ ਜਾ ਰਹੀ ਸੀ, ਜਦੋਂ ਉਹ ਆਪਣੇ ਸਮਰਥਕ ਅੱਠ ਪੰਚਾਇਤ ਸੰਮਤੀ ਮੈਂਬਰਾਂ ਨੂੰ ਲੈ ਕੇ ਢਿਲਵਾਂ ਚੋਣ ਵਾਲੀ ਥਾਂ ਪੁੱਜੇ ਤਾਂ ਸੱਤਾ ਦੇ ਨਸ਼ੇ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਉਨ੍ਹਾਂ ਦਾ ਰਸਤਾ ਰੋਕਿਆ | ਇਸ ਮੌਕੇ ਪੁਲਿਸ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ | ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਚੋਣ ਮੌਕੇ ਜਿਸ ਵਿਅਕਤੀ ਨੇ ਗੋਲੀ ਚਲਾਈ ਹੈ ਉਸ ਸੰਬੰਧੀ ਉਨ੍ਹਾਂ ਲਿਖਤੀ ਸ਼ਿਕਾਇਤ ਐਸ. ਐਸ. ਪੀ. ਕਪੂਰਥਲਾ ਨੂੰ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਸਬੰਧਿਤ ਵਿਅਕਤੀ ਵਲੋਂ ਗੋਲੀ ਚਲਾਉਣ ਸਮੇਂ ਵਰਤਿਆ ਗਿਆ ਹਥਿਆਰ ਕਬਜ਼ੇ 'ਚ ਲੈ ਕੇ ਉਸ ਵਿਚੋਂ ਚੱਲੀ ਗਈ ਗੋਲੀ ਦੀ ਜਾਂਚ ਕਰਵਾ ਕੇ ਸੰਬੰਧਿਤ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਵਰਨਣਯੋਗ ਹੈ ਕਿ ਪੰਚਾਇਤ ਸੰਮਤੀ ਫੱਤੂਢੀਂਗਾ ਦੇ 15 ਜ਼ੋਨਾਂ 'ਚ ਪਿਛਲੇ ਮਹੀਨਿਆਂ ਦੌਰਾਨ ਹੋਈ ਚੋਣ ਵਿਚ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ 8 ਤੇ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਜੇਤੂ ਰਹੇ ਸਨ | ਭਾਵੇਂ ਆਜ਼ਾਦ ਵਿਧਾਇਕ ਕੋਲ ਪਹਿਲਾਂ ਹੀ ਬਹੁਮਤ ਹੈ ਪਰ ਚੋਣ ਸਮੇਂ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਦੇ ਹਨ, ਪਰ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਵੀ ਪ੍ਰਸ਼ਾਸਨ ਵਲੋਂ ਵਾਰ-ਵਾਰ ਚੋਣ ਮੁਲਤਵੀ ਕੀਤੀ ਜਾ ਰਹੀ ਹੈ |