ਕਪੂਰਥਲਾ, 2 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਸਥਾਨਕ ਐਮ. ਜੀ. ਐਨ. ਸਕੂਲ ਵਿਚ ਬੀਤੇ ਫਰਵਰੀ ਮਹੀਨੇ ਦੋ ਵਿਦਿਆਰਥੀਆਂ ਵਿਚਾਲੇ ਹੋਈ ਲੜਾਈ ਤੋਂ ਬਾਅਦ ਪੈਦਾ ਹੋਇਆ ਵਿਵਾਦ ਅੱਜ ਉਸ ਵੇਲੇ ਮੁੜ ਗਰਮਾ ਗਿਆ, ਜਦੋਂ ਸਕੂਲ ਵਿਚੋਂ ਕੱਢੇ ਗਏ 10ਵੀਂ ਜਮਾਤ ਦੇ ਵਿਦਿਆਰਥੀ ਨਵਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵਲੋਂ ਸਕੂਲ ਦੇ ਮੁੱਖ ਗੇਟ ਦੇ ਬਾਹਰ ਰੋਸ ਧਰਨਾ ਦਿੱਤਾ | ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿਚ ਹੋਈ ਲੜਾਈ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਅਨੁਸ਼ਾਸਨ ਭੰਗ ਕਰਨ ਦਾ ਹਵਾਲਾ ਦਿੰਦਿਆਂ ਦੋਵਾਂ ਬੱਚਿਆਂ ਨੂੰ ਸਕੂਲੋਂ ਕੱਢ ਦਿੱਤਾ ਸੀ | ਇਸ ਮੌਕੇ ਗੱਲਬਾਤ ਕਰਦਿਆਂ ਬੱਚੇ ਦੇ ਪਿਤਾ ਰਣਜੀਤ ਸਿੰਘ ਪਟਵਾਰੀ, ਵਾਸੀ ਅਜੀਤ ਨਗਰ ਨੇ ਦੱਸਿਆ ਕਿ ਫਰਵਰੀ ਮਹੀਨੇ ਵਿਚ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਬੇਟੇ ਦੀ ਕਥਿਤ ਤੌਰ 'ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ | ਧਰਨੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਏ. ਐਸ. ਆਈ. ਹਰਜੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਤੇ ਸਕੂਲ ਦੀ ਪਿ੍ੰਸੀਪਲ ਪਰਵਿੰਦਰ ਕੌਰ ਵਾਲੀਆ ਵਿਚਕਾਰ ਮੀਟਿੰਗ ਕਰਵਾਈ | ਏ. ਐਸ. ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਵਲੋਂ ਸਕੂਲ ਨੂੰ ਇਕ ਹਲਫ਼ੀਆ ਬਿਆਨ ਦਿੱਤਾ ਗਿਆ ਹੈ ਕਿ ਭਵਿੱਖ ਵਿਚ ਉਨ੍ਹਾਂ ਦਾ ਬੱਚਾ ਕੋਈ ਗਲਤੀ ਨਹੀਂ ਕਰੇਗਾ | ਦੂਜੇ ਪਾਸੇ ਪਿ੍ੰਸੀਪਲ ਪਰਵਿੰਦਰ ਕੌਰ ਵਾਲੀਆ ਨੇ ਕਿਹਾ ਕਿ ਇਹ ਸਾਰਾ ਮਾਮਲਾ ਅਜੇ ਵਿਚਾਰ ਅਧੀਨ ਹੈ |