ਸੁਲਤਾਨਪੁਰ ਲੋਧੀ, 3 ਅਪ੍ਰੈਲ (ਨਰੇਸ਼ ਹੈਪੀ)-ਬੇਬੇ ਨਾਨਕੀ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਜੀ ਦਾ 562ਵਾਂ ਜਨਮ ਉਤਸਵ ਚਾਰ ਰੋਜ਼ਾ ਸਾਲਾਨਾ ਜੋੜ ਮੇਲਾ ਬੇਬੇ ਨਾਨਕੀ ਇਸਤਰੀ ਸਤਿਸੰਗ ਚੈਰੀਟੇਬਲ ਟਰੱਸਟ ਸੁਲਤਾਨਪੁਰ ਲੋਧੀ ਤੇ ਯੂ. ਕੇ. ਦੇ ਪ੍ਰਧਾਨ ਤਰਲੋਚਨ ਸਿੰਘ ਚਾਨਾ, ਮੀਤ ਪ੍ਰਧਾਨ ਮੈਨੇਜਰ ਗੁਰਦਿਆਲ ਸਿੰਘ ਯੂ. ਕੇ. ਤੇ ਸਮੂਹ ਟਰੱਸਟੀ ਸਾਹਿਬਾਨ, ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਇਹ ਸਾਲਾਨਾ ਸਮਾਗਮ ਜੋ 1 ਅਪ੍ਰੈਲ ਤੋਂ ਆਰੰਭ ਹੋਇਆ ਸੀ ਤੇ ਸਮਾਗਮ ਨਿਰੰਤਰ ਜਾਰੀ ਹਨ | ਬੀਤੀ ਰਾਤ ਸੁੰਦਰ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਸਾਹਿਬ ਭਾਈ ਰਵਿੰਦਰ ਪਾਲ ਸਿੰਘ ਦਿੱਲੀ ਵਾਲਿਆਂ ਦੇ ਕੀਰਤਨੀ ਜਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ | ਉਪਰੰਤ ਕਰਵਾਏ ਕਵੀ ਦਰਬਾਰ ਵਿਚ ਕੌਮ ਤੇ ਪੰਥ ਦੇ ਮਹਿਨਾਜ਼ ਕਵੀ ਡਾ. ਹਰੀ ਸਿੰਘ ਜਾਚਕ ਲੁਧਿਆਣੇ ਵਾਲੇ, ਜਥੇ. ਬਲਬੀਰ ਸਿੰਘ ਮੋਰਿੰਡਾ, ਦਲਬੀਰ ਸਿੰਘ ਰਿਆੜ ਕੈਨੇਡਾ ਵਾਸੀ ਜਲੰਧਰ, ਬੀਬਾ ਕੁਲਵੰਤ ਕੌਰ ਫਗਵਾੜਾ, ਰਸ਼ਪਾਲ ਸਿੰਘ ਪਾਲ ਜਲੰਧਰ ਵਾਲੇ ਆਦਿ ਕਵੀ ਸੱਜਣਾਂ ਨੇ ਆਪਣੀਆਂ ਬੇਸ਼ਕੀਮਤੀ ਕਵਿਤਾਵਾਂ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ | ਸਜਾਏ ਗਏ ਰਾਤ ਦੇ ਦੀਵਾਨ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀਆਂ ਭਰਦਿਆਂ ਗੁਰੂ ਘਰ ਤੋਂ ਲਾਹਾ ਪ੍ਰਾਪਤ ਕੀਤਾ | ਇਸ ਮੌਕੇ ਕੀਰਤਨੀ ਜਥਿਆਂ, ਸਮੂਹ ਕਵੀ ਸਾਹਿਬਾਨ ਤੇ ਹੋਰ ਸ਼ਖ਼ਸੀਅਤਾਂ ਦਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ |