ਕਾਲਾ ਸੰਘਿਆਂ, 4 ਅਪ੍ਰੈਲ (ਸੰਘਾ)-ਥਾਣਾ ਸਦਰ ਕਪੂਰਥਲਾ ਵਿਖੇ ਨਿਯੁਕਤ ਕੀਤੇ ਨਵੇਂ ਐਸ ਐਚ ਓ ਰਣਜੀਤ ਸਿੰਘ ਹੀਰ ਨੇ ਥਾਣਾ ਸਦਰ ਕਪੂਰਥਲਾ ਅਧੀਨ ਪੈਂਦੀ ਪੁਲਿਸ ਚੌਕੀ ਕਾਲ਼ਾ ਸੰਘਿਆਂ ਵਿਖੇ ਚੌਂਕੀ ਇੰਚਾਰਜ ਏ ਐਸ ਆਈ ਅਮਰਜੀਤ ਸਿੰਘ ਤੇ ਚੌਂਕੀ ਕਾਲ਼ਾ ਸੰਘਿਆਂ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ | ਇਸ ਨਵਨਿਯੁਕਤ ਮੌਕੇ ਥਾਣਾ ਮੁਖੀ ਰਣਜੀਤ ਸਿੰਘ ਹੀਰ ਨੇ ਸਰਪੰਚਾਂ ਤੋਂ ਪਿੰਡਾਂ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਸਰਪੰਚਾਂ ਨੂੰ ਕਿਹਾ ਕਿ ਪੁਲਿਸ ਵੱਲੋਂ ਪਿੰਡਾਂ ਦੇ ਸਰਪੰਚਾਂ ਤੇ ਆਮ ਲੋਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ | ਇਸ ਮੌਕੇ ਥਾਣਾ ਮੁਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡਾਂ ਦੇ ਆਗੂ ਆਪੋ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਦਾ ਸਹਿਯੋਗ ਕਰਨ ਅਤੇ ਜੇਕਰ ਪਿੰਡਾਂ ਵਿਚ ਕੋਈ ਨਸ਼ੇ ਆਦਿ ਦਾ ਵਪਾਰ ਕਰਦਾ ਹੈ ਤਾਂ ਉਸ ਨੂੰ ਬਤੌਰ ਪਿੰਡਾਂ ਦੇ ਮੁਖੀ ਵਜੋਂ ਇਕ ਵਾਰ ਆਪਣੇ ਤੌਰ ਤੇ ਸਮਝਾ ਦੇਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਨਸ਼ਿਆਂ ਤੇ ਜ਼ੀਰੋ ਟੋਲਰੈਂਸ ਦੀਆਂ ਸਖ਼ਤ ਹਦਾਇਤਾਂ ਹਨ ਅਤੇ ਜੇਕਰ ਕੋਈ ਨਸ਼ਾ ਵੇਚਣ ਵਾਲਾ ਪੁਲਿਸ ਅੜਿੱਕੇ ਚੜਿ੍ਹਆ ਤਾਂ ਫਿਰ ਕਿਸੇ ਦੀ ਵੀ ਸਿਫ਼ਾਰਸ਼ ਤੇ ਬਖ਼ਸ਼ਿਆ ਨਹੀਂ ਜਾਵੇਗਾ | ਉਨ੍ਹਾਂ ਕਿਹਾ ਕਿ ਇਲਾਕੇ ਵਿਚ ਕਾਨੂੰਨ ਵਿਵਸਥਾ ਨਾਲ਼ ਬਿਲਕੁਲ ਸਮਝਾਉਣਾ ਨਹੀਂ ਹੋਵੇਗਾ | ਇਸ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ, ਮੈਂਬਰ ਪੰਚਾਇਤ ਅਤੇ ਮੋਹਤਬਰ ਆਗੂ ਹਾਜ਼ਰ ਸਨ |