ਫਗਵਾੜਾ, 5 ਅਪੈ੍ਰਲ (ਹਰਜੋਤ ਸਿੰਘ ਚਾਨਾ)-ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ 'ਚ ਹਾਲ ਹੀ 'ਚ ਹੋਈ ਬੇਮੌਸਮੀ ਬਾਰਿਸ਼ ਤੇ ਗੜ੍ਹੇਮਾਰੀ ਕਾਰਨ ਕਣਕ ਦੀ ਖੜ੍ਹੀ ਫ਼ਸਲ ਨੂੰ ਹੋਏ ਭਾਰੀ ਨੁਕਸਾਨ 'ਤੇ ਗਹਿਰੀ ਚਿੰਤਾ ਜਤਾਈ ਹੈ | ਉਨ੍ਹਾਂ ਨੇ ਰਾਜ ਸਰਕਾਰ ਤੋਂ ਪ੍ਰਭਾਵਿਤ ਕਿਸਾਨਾਂ ਲਈ ਤੁਰੰਤ ਗਿਰਦਾਵਰੀ ਕਰਵਾਉਣ ਤੇ ਯੋਗ ਮੁਆਵਜ਼ੇ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਹਾਲ ਹੀ 'ਚ ਆਏ ਹੜ੍ਹਾਂ ਤੋਂ ਕਿਸਾਨ ਅਜੇ ਪੂਰੀ ਤਰ੍ਹਾਂ ਸੰਭਲ ਵੀ ਨਹੀਂ ਪਾਏ ਸਨ ਕਿ ਹੁਣ ਕਣਕ ਦੀ ਕਟਾਈ ਦੇ ਸਮੇਂ ਹੋਈ ਬਾਰਿਸ਼ ਤੇ ਗੜ੍ਹੇਮਾਰੀ ਨੇ ਉਨ੍ਹਾਂ ਨੂੰ ਇਕ ਹੋਰ ਵੱਡਾ ਝਟਕਾ ਦਿੱਤਾ ਹੈ | ਇਸ ਦੋਹਰੇ ਸੰਕਟ ਨੇ ਕਿਸਾਨਾਂ ਨੂੰ ਗੰਭੀਰ ਆਰਥਿਕ ਅਸਥਿਰਤਾ 'ਚ ਧੱਕ ਦਿੱਤਾ ਹੈ | ਕਿਸਾਨਾਂ ਦੀ ਖ਼ਰਾਬ ਹੁੰਦੀ ਹਾਲਤ 'ਤੇ ਚਿੰਤਾ ਜਤਾਉਂਦੇ ਹੋਏ ਉਨ੍ਹਾਂ ਕਿਹਾ ਕਿ ਕਣਕ ਦੀ ਖੜ੍ਹੀ ਫ਼ਸਲ ਦੇ ਵੱਡੇ ਹਿੱਸੇ ਨੂੰ ਨੁਕਸਾਨ ਹੋਇਆ ਹੈ, ਜਿਸ ਨਾਲ ਪਹਿਲਾਂ ਹੀ ਪ੍ਰੇਸ਼ਾਨ ਕਿਸਾਨ ਹੋਰ ਵੀ ਅਨਿਸ਼ਚਿਤਤਾ 'ਚ ਫਸ ਗਏ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮੇਂ ਸਿਰ ਨੁਕਸਾਨ ਦਾ ਅੰਕਲਨ ਤੇ ਰਾਹਤ ਦੇਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹ ਸਥਿਤੀ ਵੱਡੇ ਖੇਤੀ ਸੰਕਟ 'ਚ ਤਬਦੀਲ ਨਾ ਹੋਵੇ | ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਰਾਜ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਧਾਲੀਵਾਲ ਨੇ ਦੋਸ਼ ਲਗਾਇਆ ਕਿ ਇਸ ਮੁਸ਼ਕਲ ਵੇਲੇ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟ ਰਹੀ ਹੈ | ਉਨ੍ਹਾਂ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੇ ਪ੍ਰਭਾਵਿਤ ਕਿਸਾਨਾਂ ਦੀ ਤੁਰੰਤ ਲੋੜਾਂ ਨੂੰ ਪੂਰਾ ਕਰਨ 'ਚ ਅਸਫ਼ਲਤਾ ਦੀ ਨਿੰਦਿਆ ਕੀਤੀ | ਉਨ੍ਹਾਂ ਕਿਹਾ ਕਿ ਪਿਛਲੇ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ, ਜਿਸ ਨਾਲ ਉਨ੍ਹਾਂ ਦੀਆਂ ਆਰਥਿਕ ਮੁਸ਼ਕਲਾਂ ਹੋਰ ਵਧ ਗਈਆਂ ਹਨ | ਉਨ੍ਹਾਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਧਾਲੀਵਾਲ ਨੇ ਸਰਕਾਰ ਤੋਂ ਪ੍ਰਤੀ ਏਕੜ 50,000 ਮੁਆਵਜ਼ਾ ਦੇਣ ਦੀ ਘੋਸ਼ਣਾ ਕਰਨ ਦੀ ਮੰਗ ਕੀਤੀ |