ਕਪੂਰਥਲਾ, 5 ਅਪ੍ਰੈਲ (ਸਡਾਨਾ)-ਘਰ 'ਚੋਂ ਗਹਿਣੇ ਚੋਰੀ ਹੋਣ ਦੇ ਮਾਮਲੇ ਸੰਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ | ਆਪਣੀ ਸ਼ਿਕਾਇਤ 'ਚ ਸ਼ਸ਼ੀ ਬਾਲਾ ਪਤਨੀ ਰਾਜਨਪਾਲ ਵਾਸੀ ਰੋਜ਼ ਐਵੇਨਿਊ ਨੇ ਦੱਸਿਆ ਕਿ ਬੀਤੀ 30 ਮਾਰਚ ਨੂੰ ਉਹ ਘਰ ਤੋਂ ਕੁੱਝ ਸਮੇਂ ਲਈ ਬਾਹਰ ਗਏ ਤਾਂ ਉਨ੍ਹਾਂ ਦੀ ਕਿਰਾਏਦਾਰ ਮਿਨਾਕਸ਼ੀ ਨੇ ਉਨ੍ਹਾਂ ਨੂੰ ਫ਼ੋਨ 'ਤੇ ਦੱਸਿਆ ਕਿ ਉਨ੍ਹਾਂ ਦੇ ਸਹੁਰੇ ਪ੍ਰੇਮ ਲਾਲ ਦੇ ਕਮਰੇ 'ਚ ਚੋਰੀ ਹੋ ਗਈ ਹੈ | ਸ਼ਿਕਾਇਤਕਰਤਾ ਅਨੁਸਾਰ ਜਦੋਂ ਉਨ੍ਹਾਂ ਕਮਰੇ ਵਿਚ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਤੇ ਅੰਦਰੋਂ ਸੋਨੇ ਦੇ ਗਹਿਣੇ ਚੋਰੀ ਹੋ ਚੁੱਕੇ ਸਨ | ਸਿਟੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ. ਆਈ. ਬਲਦੇਵ ਸਿੰਘ ਵਲੋਂ ਕੀਤੀ ਜਾ ਰਹੀ ਹੈ |