ਫਗਵਾੜਾ, 6 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸਕੇਪ ਸਾਹਿਤਕ ਸੰਸਥਾ ਫਗਵਾੜਾ ਵਲੋਂ ਹਰਿਗੋਬਿੰਦ ਨਗਰ ਵਿਖੇ ਇਕ ਪ੍ਰਭਾਵਸ਼ਾਲੀ ਤੇ ਯਾਦਗਾਰ ਸਾਹਿਤਕ ਸਮਾਗਮ ਕਰਵਾਇਆ, ਜਿਸ 'ਚ ਕਵੀ ਦਰਬਾਰ, ਪ੍ਰਸਿੱਧ ਸ਼ਾਇਰ ਲਾਲੀ ਕਰਤਾਰਪੁਰੀ ਨਾਲ ਰੂਬਰੂ ਤੇ ਸਾਹਿਤਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਕਿਤਾਬ 'ਪੰਜਾਬੀ ਸੰਸਾਰ-2025' ਦਾ ਲੋਕ ਅਰਪਣ ਸਮਾਰੋਹ ਸ਼ਾਮਿਲ ਸੀ | ਸਮਾਗਮ 'ਚ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਸਾਹਿਤਕਾਰਾਂ, ਕਵੀਆਂ ਤੇ ਸਮਾਜ ਸੇਵੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਪ੍ਰਧਾਨਗੀ ਮੰਡਲ 'ਚ ਸੰਸਥਾ ਦੇ ਸਰਪ੍ਰਸਤ ਪਿ੍ੰਸੀਪਲ ਗੁਰਮੀਤ ਸਿੰਘ ਪਲਾਹੀ, ਪ੍ਰਧਾਨ ਰਵਿੰਦਰ ਚੋਟ, ਲੇਖਕ ਨਰਪਾਲ ਸਿੰਘ ਸ਼ੇਰਗਿੱਲ, ਪ੍ਰਸਿੱਧ ਲੇਖਕ ਬਲਬੀਰ ਮਾਧੋਪੁਰੀ ਤੇ ਸੁਰਜੀਤ ਸਾਜਨ ਸ਼ਾਮਿਲ ਰਹੇ | ਸਟੇਜ ਸੰਚਾਲਨ ਰਵਿੰਦਰ ਚੋਟ ਵਲੋਂ ਕੀਤਾ | ਸਮਾਗਮ ਦੌਰਾਨ ਲਾਲੀ ਕਰਤਾਰਪੁਰੀ ਨਾਲ ਰੂਬਰੂ ਸੈਸ਼ਨ ਖ਼ਾਸ ਆਕਰਸ਼ਣ ਦਾ ਕੇਂਦਰ ਰਿਹਾ | ਇਸ ਦੌਰਾਨ ਲਾਲੀ ਕਰਤਾਰਪੁਰੀ ਨੇ ਆਪਣੀ ਜੀਵਨ ਯਾਤਰਾ, ਸਾਹਿਤਕ ਸਫ਼ਰ, ਲਿਖੀਆਂ ਕਿਤਾਬਾਂ, ਗੀਤਾਂ ਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਤੇ ਸਨਮਾਨਾਂ ਬਾਰੇ ਦਿਲਚਸਪ ਗੱਲਬਾਤ ਕੀਤੀ | ਲਾਲੀ ਕਰਤਾਰਪੁਰੀ ਦੇ ਸ਼ਾਗਿਰਦ ਲਾਲੀ ਸਿੰਘ ਨੇ ਲਾਲੀ ਕਰਤਾਰਪੁਰੀ ਦਾ ਗੀਤ ਸੁਰੀਲੇ ਅੰਦਾਜ਼ ਵਿਚ ਪੇਸ਼ ਕਰ ਕੇ ਸਮਾਗਮ ਦੇ ਮਾਹੌਲ ਨੂੰ ਰੰਗੀਨ ਤੇ ਯਾਦਗਾਰ ਬਣਾ ਦਿੱਤਾ | ਸੁਰਜੀਤ ਸਾਜਨ, ਸੋਹਣ ਸਹਿਜਲ, ਸ਼ਾਮ ਸਰਗੂੰਦੀ, ਡਾ. ਇੰਦਰਜੀਤ ਸਿੰਘ ਵਾਸੂ, ਬਚਨ ਗੁੜਾ, ਬਲਦੇਵ ਰਾਜ ਕੋਮਲ, ਜਸਵਿੰਦਰ ਫਗਵਾੜਾ, ਬਲਬੀਰ ਕੌਰ ਬੱਬੂ ਸੈਣੀ, ਰਵਿੰਦਰ ਸਿੰਘ ਰਾਏ, ਹਰਚਰਨ ਭਾਰਤੀ, ਕੁਲਦੀਪ ਸਿੰਘ ਰਤਨ, ਸੋਢੀ ਸੱਤੋਵਾਲੀ, ਦੇਵ ਰਾਜ ਦਾਦਰ, ਮਨੋਜ ਫਗਵਾੜਵੀ, ਹਰਜਿੰਦਰ ਨਿਆਣਾ, ਜੱਸ ਸਰੋਆ, ਦਿਲਬਹਾਰ ਸ਼ੌਕਤ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਜਿਕ ਹਕੀਕਤਾਂ, ਮਨੁੱਖੀ ਸੰਵੇਦਨਾਵਾਂ ਅਤੇ ਵਕਤ ਦੇ ਦਰਦ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਨਾਲ ਪੇਸ਼ ਕੀਤਾ | ਪ੍ਰਸਿੱਧ ਸਾਹਿਤਕਾਰ ਬਲਬੀਰ ਮਾਧੋਪੁਰੀ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ ਅਤੇ ਸਰੋਤਿਆਂ ਨੂੰ ਆਪਣੀਆਂ ਕਿਤਾਬਾਂ ਵਿਸ਼ੇਸ਼ ਤੌਰ 'ਤੇ ਸਵੈ ਜੀਵਨੀ ਬਾਰੇ ਜਾਣਕਾਰੀ ਦਿੱਤੀ | ਪਿ੍ੰ. ਗੁਰਮੀਤ ਸਿੰਘ ਪਲਾਹੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸੰਸਥਾ ਦੀ ਖ਼ਾਸ ਉਪਲਬਧੀ ਇਹ ਰਹੀ ਕਿ ਸੰਸਥਾ ਵਲੋਂ ਕੀਤੇ ਜਾ ਰਹੇ ਯਤਨਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ ਅਤੇ ਲਗਪਗ 42 ਲੱਖ ਰੁਪਏ ਦੀ ਮਨਜ਼ੂਰੀ ਬੰਦ ਹੋ ਚੁੱਕੀ ਗੁਰੂ ਨਾਨਕ ਦੇਵ ਲਾਇਬ੍ਰੇਰੀ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਾਪਤ ਹੋ ਗਈ | ਅੰਤ 'ਚ ਐਡਵੋਕੇਟ ਐਸ. ਐਲ. ਵਿਰਦੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਾਲੇ ਸਾਰੇ ਸਹਿਯੋਗੀਆਂ, ਕਵੀਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ | ਸਮਾਗਮ 'ਚ ਠਾਕੁਰ ਦਾਸ ਚਾਵਲਾ, ਨਿਰਵੈਰ ਸਿੰਘ ਨੱਢਾ, ਸੁਬੇਗ ਸਿੰਘ ਹੰਜਰਾ, ਮਨਦੀਪ ਸਿੰਘ, ਮੋਹਨ ਆਰਟਿਸਟ, ਸੋਹਣ ਸਿੰਘ ਭਿੰਡਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ |