ਕਪੂਰਥਲਾ, 6 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਗੋਇੰਦਵਾਲ ਸਾਹਿਬ ਰੋਡ 'ਤੇ ਪਿੰਡ ਉੱਚਾ ਨਜ਼ਦੀਕ ਬੀਤੇ ਦਿਨੀਂ ਮਹਿੰਦਰਾ ਬੋਲੈਰੋ ਗੱਡੀ ਤੇ ਮੋਟਰਸਾਈਕਲ ਦੀ ਟੱਕਰ 'ਚ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਬੀਤੀ ਰਾਤ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਇਸ ਸੰਬੰਧੀ ਥਾਣਾ ਫੱਤੂਢੀਂਗਾ ਦੇ ਏ. ਐਸ. ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਬੀਤੀ 29 ਮਾਰਚ ਨੂੰ ਮੋਟਰਸਾਈਕਲ ਤੇ ਮਹਿੰਦਰ ਬੋਲੈਰੋ ਗੱਡੀ ਦੀ ਟੱਕਰ ਹੋ ਗਈ ਜਿਸ 'ਚ ਮੋਟਰਸਾਈਕਲ ਚਾਲਕ ਗੁਰਮੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਉੱਚਾ ਜ਼ਖਮੀ ਹੋ ਗਿਆ ਸੀ ਤੇ ਗੱਡੀ ਚਾਲਕ ਗੱਡੀ ਮੌਕੇ 'ਤੇ ਛੱਡ ਕੇ ਫ਼ਰਾਰ ਹੋ ਗਿਆ ਸੀ | ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |