ਸੁਲਤਾਨਪੁਰ ਲੋਧੀ, 7 ਅਪ੍ਰੈਲ (ਥਿੰਦ)-ਵਿਦਿਆਰਥੀਆਂ ਵਿਚ ਕਲਾਤਮਿਕ ਰੁਚੀਆਂ ਪੈਦਾ ਕਰਨ ਲਈ ਸਰਕਾਰੀ ਐਲੀਮੈਂਟਰੀ ਸਕੂਲ ਬਾਜਾ ਵਿਖੇ ਪਹਿਲੀ ਵਾਰ ਸੁੰਦਰ ਲਿਖਾਈ ਦੇ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਹਨ, ਜਿਸ 'ਚ ਜ਼ਿਲੇ੍ਹ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਤੇ ਅਧਿਆਪਕ ਭਾਗ ਲੈਣਗੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉੱਘੇ ਕੈਲੀਗਰਾਫਰ ਅਧਿਆਪਕ ਕੰਵਰਦੀਪ ਸਿੰਘ ਕੇ. ਡੀ. ਤੇ ਪਰਮਿੰਦਰ ਸਿੰਘ ਸੈਦਪੁਰ ਨੇ ਦੱਸਿਆ ਕਿ ਸੁਲਤਾਨਪੁਰ ਲੋਧੀ ਤੇ ਮਸੀਤਾਂ ਬਲਾਕ ਦੇ ਅਧਿਆਪਕਾਂ ਤੇ ਪ੍ਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਵਿਚ ਕਲਮ ਤੇ ਜੈੱਲ ਪੈੱਨ ਨਾਲ਼ ਪੰਜਾਬੀ ਤੇ ਅੰਗਰੇਜ਼ੀ ਭਾਸ਼ਾ ਵਿਚ ਸੁੰਦਰ ਲਿਖਤਾਂ ਕਰਵਾਈਆਂ ਜਾਣਗੀਆਂ | ਜੇਤੂ ਵਿਦਿਆਰਥੀਆਂ ਨੂੰ ਆਕਰਸ਼ਿਤ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ ਅਧਿਆਪਕਾਂ ਦੇ ਵੀ ਸੁੰਦਰ ਲਿਖਤਾਂ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਸੁੰਦਰ ਲਿਖਤਾਂ ਲਿਖਣ ਦੀ ਕਲਾ ਬਹੁਤ ਘੱਟ ਹੋ ਰਹੀ ਹੈ ਤੇ ਉਨ੍ਹਾਂ ਵਿਚ ਸੁੰਦਰ ਲਿਖਤਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਇਹ ਉੱਦਮ ਕੀਤਾ ਜਾ ਰਿਹਾ ਹੈ | ਇਸ ਮੌਕੇ ਉੱਘੇ ਆਰਟਿਸਟ ਇੰਦਰਜੀਤ ਸਿੰਘ ਜਲੰਧਰ ਵੀ ਪਹੁੰਚ ਰਹੇ ਹਨ |