ਕਪੂਰਥਲਾ, 10 ਅਪ੍ਰੈਲ (ਅਮਰਜੀਤ ਕੋਮਲ)-ਜ਼ਿਲ੍ਹੇ 'ਚ ਹੜ੍ਹ ਰੋਕੂ ਪ੍ਰਬੰਧਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਸੰਬੰਧਿਤ ਅਧਿਕਾਰੀ ਨਿੱਜੀ ਤੌਰ 'ਤੇ ਇਸ ਲਈ ਜ਼ਿੰਮੇਵਾਰ ਹੋਣਗੇ | ਇਹ ਜਾਣਕਾਰੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹੇ 'ਚ ਹੜ੍ਹਾਂ ਦੀ ਰੋਕਥਾਮ ਸੰਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ | ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਪੱਧਰ 'ਤੇ ਸੰਭਾਵੀ ਹੜ੍ਹ ਦੀ ਰੋਕਥਾਮ ਲਈ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਰੱਖਣ ਤਾਂ ਜੋ ਲੋੜ ਪੈਣ 'ਤੇ ਕੋਈ ਮੁਸ਼ਕਿਲ ਨਾ ਆਵੇ | ਉਨ੍ਹਾਂ ਕਿਹਾ ਕਿ ਹੜ੍ਹ ਨਾਲ ਪ੍ਰਭਾਵਿਤ ਹੋਣ ਵਾਲੀਆਂ ਥਾਵਾਂ ਦੀ ਪਹਿਲਾਂ ਹੀ ਸ਼ਨਾਖ਼ਤ ਕਰਕੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਜਾਣ | ਅਕਾਸ਼ ਬਾਂਸਲ ਨੇ ਨਗਰ ਨਿਗਮ ਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸ਼ਹਿਰੀ ਖੇਤਰਾਂ ਵਿਚ ਸੰਭਾਵੀ ਹੜ੍ਹ/ਬਰਸਾਤ ਦੇ ਜਮ੍ਹਾ ਹੋਏ ਪਾਣੀ ਦੇ ਨਿਕਾਸ ਲਈ ਪੰਪ ਤਿਆਰ ਰੱਖਣ ਦੇ ਨਾਲ ਨਾਲ ਨਿਕਾਸੀ ਨਾਲਿਆਂ ਦੀ ਸਾਫ਼ ਸਫ਼ਾਈ ਵੀ ਪਹਿਲ ਦੇ ਆਧਾਰ 'ਤੇ ਕਰਵਾਉਣ | ਉਨ੍ਹਾਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੰਭਾਵੀ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਦੀ ਸਿਹਤ ਸੰਭਾਲ ਲਈ ਡਾਕਟਰਾਂ ਦੀਆਂ ਟੀਮਾਂ ਦਾ ਗਠਨ ਕਰਕੇ ਦਵਾਈਆਂ ਦਾ ਅਗੇਤਾ ਪ੍ਰਬੰਧ ਕਰਨ | ਉਨ੍ਹਾਂ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਨੂੰ ਹੜ੍ਹ ਦੌਰਾਨ ਪ੍ਰਭਾਵਿਤ ਲੋਕਾਂ ਦੀਆਂ ਖਾਣ ਪੀਣ ਦੀਆਂ ਵਸਤੂਆਂ ਦਾ ਪ੍ਰਬੰਧ ਕਰਨ ਤੇ ਪਸ਼ੂ ਪਾਲਣ ਵਿਭਾਗ ਨੂੰ ਵੈਟਰਨਰੀ ਡਾਕਟਰ ਦੀਆਂ ਟੀਮਾਂ ਤੇ ਲੋੜੀਂਦੀਆਂ ਦਵਾਈਆਂ ਤੇ ਟੀਕਿਆਂ ਦੀ ਵਿਵਸਥਾ ਕਰਨ ਦੀ ਵੀ ਹਦਾਇਤ ਕੀਤੀ |