ਸੁਲਤਾਨਪੁਰ ਲੋਧੀ, 10 ਅਪ੍ਰੈਲ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਦੇ ਪਿੰਡ ਸਰਦੁੱਲਾ ਪੁਰ-ਭੀਮ ਕਦੀਮ ਹੱਦਬੰਦੀ ਨੇੜੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਤਣਾਅ ਉਸ ਸਮੇਂ ਹਿੰਸਕ ਝੜਪ ਵਿਚ ਬਦਲ ਗਿਆ ਜਦੋਂ ਦੋਹਾਂ ਪਾਸਿਆਂ ਦੇ ਲੋਕ ਆਹਮੋ ਸਾਹਮਣੇ ਹੋ ਗਏ | ਝਗੜੇ ਦੌਰਾਨ ਦੋਹਾਂ ਧਿਰਾਂ ਦੇ ਗੁਰਚਰਨ ਸਿੰਘ ਤੇ ਟੋਨੀ ਵਾਸੀ ਪਿੰਡ ਭੀਮ ਕਦੀਮ ਤੇ ਰਵਜੀਤ ਸਿੰਘ ਵਾਸੀ ਪਿੰਡ ਹਾਜ਼ੀਪੁਰ ਕੁੱਲ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ | ਤਿੰਨੇ ਜ਼ਖ਼ਮੀ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਨ | ਇਸ ਸੰਬੰਧੀ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਪਹਿਲੀ ਧਿਰ ਦੇ ਗੁਰਚਰਨ ਸਿੰਘ ਵਾਸੀ ਪਿੰਡ ਭੀਮ ਕਦੀਮ ਦੇ ਪੁੱਤਰ ਮਨਦੀਪ ਸਿੰਘ ਮੁਤਾਬਿਕ ਉਹ ਤੇ ਉਨ੍ਹਾਂ ਦਾ ਪਰਿਵਾਰ ਕਰੀਬ 50 ਸਾਲਾਂ ਤੋਂ ਉਕਤ ਜ਼ਮੀਨ 'ਤੇ ਕਾਬਜ਼ ਤੇ ਖ਼ੁਦ ਕਾਸ਼ਤਕਾਰ ਹਨ | ਮਨਦੀਪ ਮੁਤਾਬਿਕ ਪੰਚਾਇਤਾਂ 'ਚ ਅਸੀਂ ਸਪੱਸ਼ਟ ਕਿਹਾ ਸੀ ਕਿ ਦੂਜੀ ਧਿਰ ਨਿਯਮਾਂ ਅਨੁਸਾਰ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਏਗੀ ਅਤੇ ਜੇ ਨਿਸ਼ਾਨਦੇਹੀ ਤੋਂ ਬਾਅਦ ਕੋਈ ਜ਼ਮੀਨ ਉਨ੍ਹਾਂ ਦੇ ਹਿੱਸੇ ਵਿਚ ਆਉਂਦੀ ਹੈ ਤਾਂ ਉਹ ਬਿਨਾਂ ਕਿਸੇ ਵਿਰੋਧ ਦੇ ਉਹ ਜ਼ਮੀਨ ਛੱਡ ਦੇਣਗੇ | ਉਨ੍ਹਾਂ ਦੋਸ਼ ਲਾਇਆ ਕਿ ਦੂਜੀ ਧਿਰ ਨੇ ਇਸ ਗੱਲ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੱਡੀ ਗਿਣਤੀ 'ਚ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੂੰ ਲਿਆ ਕੇ ਉਨ੍ਹਾਂ ਵਲੋਂ ਬੀਜੀ ਗਈ ਕਣਕ ਦੀ ਫ਼ਸਲ ਵੱਢਣ ਦੀ ਕੋਸ਼ਿਸ਼ ਕੀਤੀ ਅਤੇ ਜ਼ਮੀਨ 'ਤੇ ਜਬਰੀ ਕਬਜ਼ਾ ਕਰਨ ਲਈ ਹਮਲਾ ਕਰ ਦਿੱਤਾ, ਜਿਸ ਦੌਰਾਨ ਉਸ ਦੇ ਪਿਤਾ ਤੇ ਹੋਰ ਸਾਥੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਵਿਰੋਧੀ ਧਿਰ ਵਲੋਂ ਲਗਾਏ ਜਾ ਰਹੇ ਗੋਲੀਬਾਰੀ ਦੇ ਦੋਸ਼ ਬਿਲਕੁਲ ਬੇਬੁਨਿਆਦ ਹਨ ਤੇ ਜੋ ਵੀ ਕੀਤਾ ਹੈ, ਦੂਜੀ ਧਿਰ ਨੇ ਖ਼ੁਦ ਹੀ ਕੀਤਾ ਹੈ | ਇਸ ਸੰਬੰਧੀ ਦੂਜੀ ਧਿਰ ਦੇ ਜ਼ੇਰੇ ਇਲਾਜ ਰਵਜੀਤ ਸਿੰਘ ਵਾਸੀ ਪਿੰਡ ਹਾਜ਼ੀਪੁਰ ਦੇ ਪਿਤਾ ਹਰਜਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਸਾਡੀ ਜ਼ਮੀਨ ਸਰਦੁੱਲਾ ਪੁਰ 'ਚ ਪੈਂਦੀ ਹੈ ਜੋ ਕਿ ਸਾਡੀ ਵਿਰਾਸਤੀ ਜ਼ਮੀਨ ਹੈ ਅਤੇ ਅਸੀਂ ਉੱਥੇ ਕਣਕ ਦੀ ਬਿਜਾਈ ਕੀਤੀ ਹੋਈ ਸੀ | ਜਦੋਂ ਅਸੀਂ ਆਪਣੀ ਜ਼ਮੀਨ 'ਚੋਂ ਕਣਕ ਵੱਢਣ ਲਈ ਗਏ ਤਾਂ ਦੂਜੀ ਧਿਰ ਵਲੋਂ ਸਾਡੇ 'ਤੇ ਹਮਲਾ ਕਰ ਦਿੱਤਾ ਗਿਆ | ਇਸ ਵਿਚਾਲੇ ਉਨ੍ਹਾਂ ਵਲੋਂ ਸਾਡੇ 'ਤੇ ਫਾਇਰਿੰਗ ਵੀ ਕੀਤੀ ਗਈ, ਜਿਸ ਕਾਰਨ ਗੱਡੀ ਦਾ ਟਾਇਰ ਵੀ ਪੈਂਚਰ ਹੋ ਗਿਆ ਅਤੇ ਕੰਬਾਈਨ ਮਸ਼ੀਨ 'ਤੇ ਵੀ ਸ਼ੱਰੇ ਲੱਗੇ ਹਨ | ਇਨ੍ਹਾਂ ਟਰੈਕਟਰ ਤੇ ਬੈਠੇ ਮੇਰੇ ਬੇਟੇ 'ਤੇ ਹਮਲਾ ਕੀਤਾ ਅਤੇ ਉਸ ਦੀ ਕੁੱਟਮਾਰ ਵੀ ਕੀਤੀ | ਉਨ੍ਹਾਂ ਦੋਸ਼ ਲਗਾਇਆ ਕਿ ਉਸ 'ਤੇ ਵੀ ਤੇਜ਼ਧਾਰ ਹਥਿਆਰਾਂ ਦੇ ਨਾਲ ਵਾਰ ਕੀਤੇ ਜੋ ਕਿ ਜ਼ਖ਼ਮੀ ਹਾਲਤ 'ਚ ਜ਼ੇਰੇ ਇਲਾਜ ਹੈ | ਮਾਮਲੇ ਸੰਬੰਧੀ ਗੱਲਬਾਤ ਕਰਦੇ ਹੋਏ ਥਾਣਾ ਕਬੀਰਪੁਰ ਦੇ ਏ. ਐਸ. ਆਈ. ਸਤਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਦੇ ਤੁਰੰਤ ਬਾਅਦ ਅਸੀਂ ਮੌਕੇ 'ਤੇ ਪਹੁੰਚ ਗਏ ਸੀ ਪਰ ਸਾਨੂੰ ਉਥੇ ਗੋਲੀ ਦਾ ਖੋਲ ਜਾਂ ਗੋਲੀ ਦੀ ਆਵਾਜ਼ ਸੁਣਾਈ ਦੇਣ ਦੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ | ਉਨ੍ਹਾਂ ਕਿਹਾ ਕਿ ਐਮ. ਐਲ. ਆਰ. ਰਿਪੋਰਟਾਂ ਮਸੂਲ ਹੋਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਮਗਰੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ |