ਕਪੂਰਥਲਾ, 10 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨ੍ਹੇਮੱਲ ਦੀ ਅਗਵਾਈ 'ਚ ਦੋਵਾਂ ਕਿਸਾਨ ਜਥੇਬੰਦੀਆਂ ਨੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਇਕ ਮੰਗ-ਪੱਤਰ ਦੇ ਕੇ ਮੰਗ ਕੀਤੀ ਕਿ ਇਲਾਕੇ ਦੇ ਦੁਕਾਨਦਾਰਾਂ ਵਲੋਂ ਯੂਰੀਆ ਖਾਦ ਨਾਲ ਕਿਸਾਨਾਂ ਨੂੰ ਵਾਧੂ ਸਾਮਾਨ ਵੇਚਣ ਦੀ ਪ੍ਰਕਿਰਿਆ 'ਤੇ ਤੁਰੰਤ ਰੋਕ ਲਗਾ ਕੇ ਸੰਬੰਧਿਤ ਦੁਕਾਨਦਾਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ | ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਹ ਮਾਮਲਾ ਪਹਿਲਾਂ ਵੀ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾ ਚੁੱਕਾ ਹੈ, ਪਰ ਇਸ ਮਾਮਲੇ 'ਚ ਕੋਈ ਕਾਰਵਾਈ ਨਹੀਂ ਹੋਈ | ਉਨ੍ਹਾਂ ਕਿਹਾ ਕਿ ਦੁਕਾਨਦਾਰ ਕਿਸਾਨਾਂ ਨੂੰ ਨੈਨੋ ਯੂਰੀਆ ਖ਼ਰੀਦਣ ਲਈ ਮਜਬੂਰ ਕਰਦੇ ਹਨ, ਜਦਕਿ ਇਸ ਖਾਦ ਦੇ ਸੈਂਪਲ ਫ਼ੇਲ੍ਹ ਹੋ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸਾਨ ਦੁਕਾਨਦਾਰ ਤੋਂ ਖਾਦ ਦੇ ਨਾਲ ਵਾਧੂ ਸਾਮਾਨ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਯੂਰੀਆ ਖਾਦ ਨਹੀਂ ਦਿੱਤੀ ਜਾ ਰਹੀ | ਉਨ੍ਹਾਂ ਆਲੂ ਸਟੋਰ ਦੇ ਮਾਲਕਾਂ ਵਲੋਂ ਮਨਮਾਨੇ ਢੰਗ ਨਾਲ ਪ੍ਰਤੀ ਬੋਰੇ ਦੇ ਭਾਅ 'ਚ 25 ਰੁਪਏ ਵਾਧਾ ਕੀਤੇ ਜਾਣ ਦਾ ਮਾਮਲਾ ਵੀ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਂਦਾ ਤੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਸਟੋਰ ਮਾਲਕ ਬੋਰੀ ਦਾ ਕਿਰਾਇਆ 100 ਰੁਪਏ ਲੈਂਦੇ ਸਨ, ਜੋ ਹੁਣ ਵਧਾ ਕੇ 125 ਰੁਪਏ ਪ੍ਰਤੀ ਬੋਰੀ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਲੂ ਦੀ ਫ਼ਸਲ ਦਾ ਖ਼ਰਚਾ ਲਗਪਗ 800 ਤੋਂ ਲੈ ਕੇ 900 ਰੁਪਏ ਪ੍ਰਤੀ ਕੁਇੰਟਲ ਤੱਕ ਆ ਰਿਹਾ ਹੈ, ਜਦਕਿ ਵਪਾਰੀ 250 ਤੋਂ ਲੈ ਕੇ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਆਲੂ ਖ਼ਰੀਦ ਰਹੇ ਹਨ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ | ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਨਿਪਟਾਰਾ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਮੰਗ-ਪੱਤਰ ਦੇਣ ਮੌਕੇ ਕਿਸਾਨ ਆਗੂ ਮਨਜਿੰਦਰ ਸਿੰਘ, ਭਜਨ ਸਿੰਘ, ਪ੍ਰਗਣ ਸਿੰਘ, ਕਰਮਜੀਤ ਸਿੰਘ, ਸ਼ੀਤਲ ਸਿੰਘ, ਸੱਜਣ ਸਿੰਘ, ਹਰਦੀਪ ਸਿੰਘ, ਗੁਰਪਾਲ ਸਿੰਘ, ਕੁਲਵਿੰਦਰ ਸਿੰਘ, ਕਰਨੇਸ਼ ਸਿੰਘ, ਵਰਿੰਦਰ ਸਿੰਘ, ਜੀਤ ਸਿੰਘ, ਕਰਮਜੀਤ ਸਿੰਘ, ਗੁਰਦਿਆਲ ਸਿੰਘ, ਰਣਜੀਤ ਸਿੰਘ, ਪੂਰਨ ਸਿੰਘ ਆਦਿ ਹਾਜ਼ਰ ਸਨ |