ਸੁਲਤਾਨਪੁਰ ਲੋਧੀ, 10 ਅਪ੍ਰੈਲ (ਨਰੇਸ਼ ਹੈਪੀ)-ਰਹਿਮਤ ਐਨ. ਜੀ. ਓ. ਤੇ ਹਿਊਮਨ ਰਾਈਟਸ ਪ੍ਰੈੱਸ ਕਲੱਬ ਰਜਿ ਵਲੋਂ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਇਲਾਕਿਆਂ 'ਚ ਬੱਚਿਆਂ ਨੂੰ ਦਸਤਾਰ ਪ੍ਰਤੀ ਪ੍ਰੇਰਿਤ ਕਰਨ ਲਈ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਦੁਮਾਲਾ ਮੁਕਾਬਲੇ ਕਰਵਾਏ ਜਾ ਰਹੇ ਹਨ | ਇਸ ਬਾਰੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਹਾਜੀਪੁਰ ਨੇ ਦੱਸਿਆ ਕਿ ਦਸਤਾਰ ਸਿਖਲਾਈ ਕੈਂਪ ਤੇ ਦਸਤਾਰ ਦੁਮਾਲਾ ਮੁਕਾਬਲੇ ਪਿਛਲੇ ਦਿਨਾਂ ਤੋਂ ਨਿਰੰਤਰ ਚੱਲ ਰਹੇ ਹਨ ਅਤੇ ਇਸੇ ਤਹਿਤ 12 ਤੇ 13 ਅਪ੍ਰੈਲ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਵਿਸ਼ੇਸ਼ ਸਿਖਲਾਈ ਕੈਂਪ ਹੋਵੇਗਾ | ਉਨ੍ਹਾਂ ਦੱਸਿਆ ਕਿ ਫਾਈਨਲ ਮੁਕਾਬਲੇ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਸ਼ੁੱਭ ਦਿਹਾੜੇ ਮੌਕੇ 'ਤੇ 14 ਅਪ੍ਰੈਲ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾਣਗੇ | ਸਵੇਰੇ 10 ਤੋਂ 11 ਵਜੇ ਤੱਕ ਨਵੇਂ ਪ੍ਰਤੀਯੋਗੀਆਂ ਲਈ ਮੁਕਾਬਲੇ ਹੋਣਗੇ ਜਦਕਿ 12 ਤੋਂ 1 ਵਜੇ ਤੱਕ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਜੇਤੂ ਬੱਚਿਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ | ਸੁਖਵਿੰਦਰ ਸਿੰਘ ਹਾਜੀਪੁਰ ਤੇ ਕੁਲਦੀਪ ਸਿੰਘ ਡਿਪਟੀ ਨੇ ਇਲਾਕੇ ਦੇ ਬੱਚਿਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦਸਤਾਰ ਮੁਕਾਬਲਿਆਂ 'ਚ ਵੱਧ ਤੋਂ ਵੱਧ ਸ਼ਿਰਕਤ ਕਰਨ |