ਕਪੂਰਥਲਾ, 12 ਅਪ੍ਰੈਲ (ਅਮਰਜੀਤ ਕੋਮਲ)-ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਕਪੂਰਥਲਾ ਦੇ ਇੰਚਾਰਜ ਐਚ. ਐਸ. ਵਾਲੀਆ ਨੇ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪਿਛਲੇ ਦਿਨੀਂ ਕਪੂਰਥਲਾ ਤੇ ਹੋਰ ਜ਼ਿਲਿ੍ਹਆਂ 'ਚ ਭਾਰੀ ਬਾਰਿਸ਼ ਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਕਿਸਾਨ ਕਰਜ਼ੇ ਦੇ ਬੋਝ ਹੇਠ ਪਹਿਲਾਂ ਹੀ ਦੱਬੇ ਹੋਏ ਹਨ, ਉਲਟਾ ਬੇਮੌਸਮੀ ਬਾਰਸ਼ਾਂ ਨੇ ਕਿਸਾਨਾਂ ਦੀ ਖੇਤਾਂ ਵਿਚ ਖੜ੍ਹੀ ਕਣਕ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਦੀ ਇਸ ਸੰਕਟ ਦੀ ਘੜੀ ਬਾਂਹ ਫੜਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਗਸਤ ਮਹੀਨੇ ਵਿਚ ਆਏ ਹੜ੍ਹਾਂ ਕਾਰਨ ਬਹੁਤ ਸਾਰੇ ਕਿਸਾਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਤੇ ਜਿਹੜੇ ਲੋਕਾਂ ਨੂੰ ਮੁਆਵਜ਼ੇ ਦੀ ਕੁੱਝ ਰਕਮ ਵੀ ਮਿਲੀ ਹੈ ਉਹ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਨਹੀਂ ਕਰਦੀ |