ਨਡਾਲਾ, 12 ਅਪ੍ਰੈਲ (ਰਘਬਿੰਦਰ ਸਿੰਘ)-ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੀਤੀ 30 ਮਾਰਚ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਇਕ ਸ਼ਿਕਾਇਤ ਕੀਤੀ ਸੀ ਕਿ ਬੀ. ਡੀ. ਪੀ. ਓ. ਨਡਾਲਾ ਕੁਲਵਿੰਦਰ ਸਿੰਘ ਰੰਧਾਵਾ ਵਲੋਂ ਬੀ. ਡੀ. ਪੀ. ਓ. ਦਫ਼ਤਰ ਨਡਾਲਾ ਵਿਖੇ ਗਬਨ ਤੇ ਬੇ-ਨਿਯਮੀਆਂ ਕੀਤੀਆਂ ਹਨ, ਜਿਸ ਦੇ ਚੱਲਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਇਸ ਦੀ ਜਾਂਚ ਲਈ ਏ. ਡੀ. ਸੀ. ਕਪੂਰਥਲਾ ਨੂੰ ਸੱਤ ਦਿਨਾਂ ਦੇ ਅੰਦਰ ਅੰਦਰ ਜਾਂਚ ਪੂਰੀ ਕਰਕੇ ਰਿਪੋਰਟ ਪੇਸ਼ ਕਰਨ ਲਈ ਹੁਕਮ ਦਿੱਤੇ ਹਨ, ਜਿਸ 'ਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੂੰ ਮੀਮੋ ਨੰਬਰ 6/25/2026 -2 ਆਰ. ਡੀ. ਈ-1/3534 ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿ ਉੱਪਰ ਉਪਰੋਕਤ ਵਿਸ਼ੇ ਤੇ ਹਵਾਲਾ ਅਧੀਨ ਪੱਤਰ ਦੀ ਲਗਾਤਾਰਤਾ 'ਚ ਸੁਖਪਾਲ ਸਿੰਘ ਖਹਿਰਾ ਵਿਧਾਇਕ ਵਲੋਂ ਪ੍ਰਾਪਤ ਹੋਈ ਸ਼ਿਕਾਇਤ ਦੀ ਕਾਪੀ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਇਸ ਸ਼ਿਕਾਇਤ 'ਚ ਉਠਾਏ ਗਏ ਮੁੱਦਿਆਂ ਦੀ ਵੀ ਪੜਤਾਲ ਕਰਦੇ ਹੋਏ ਜਾਂਚ ਰਿਪੋਰਟ ਸੱਤ ਦਿਨਾਂ ਦੇ ਅੰਦਰ ਅੰਦਰ ਤੁਰੰਤ ਸਰਕਾਰ ਨੂੰ ਭੇਜੀ ਭੇਜੀ ਜਾਵੇ | ਇਸ ਸੰਬੰਧੀ ਬੀ. ਡੀ. ਪੀ. ਓ. ਨਡਾਲਾ ਕੁਲਵਿੰਦਰ ਸਿੰਘ ਰੰਧਾਵਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਨ੍ਹਾਂ ਵਲੋਂ ਲਗਾਏ ਸਾਰੇ ਦੋਸ਼ ਝੂਠੇ ਹਨ ਤੇ ਵਿਧਾਇਕ ਸੁਖਪਾਲ ਖਹਿਰਾ ਵਲੋਂ ਦਾਇਰ ਸ਼ਿਕਾਇਤ ਦੀ ਕਾਪੀ ਅਜੇ ਤੱਕ ਨਹੀਂ ਉਨ੍ਹਾਂ ਨੂੰ ਮਿਲੀ ਹੈ | ਉਹ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਜਵਾਬ ਦੇ ਸਕਣਗੇ | ਇਸ ਦੌਰਾਨ ਪੇਂਡੂ ਵਿਕਾਸ ਵਿਭਾਗ ਦੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰਪਾਲ ਸਿੰਘ ਬਾਜਵਾ ਨੇ ਪ੍ਰਮੁੱਖ ਸਕੱਤਰ ਵਲੋਂ ਸ਼ੁਰੂ ਕੀਤੀ ਜਾਂਚ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਜਾਰੀ ਹੈ | ਬੀ. ਡੀ. ਪੀ. ਓ. ਨਡਾਲਾ ਨੂੰ ਜਾਂਚ ਵਿਚ ਹਿੱਸਾ ਲੈਣ ਲਈ ਤਲਬ ਕੀਤਾ ਗਿਆ ਹੈ |