ਡਡਵਿੰਡੀ, 15 ਅਪ੍ਰੈਲ (ਦਿਲਬਾਗ ਸਿੰਘ ਝੰਡ)-ਨੇੜਲੇ ਪਿੰਡ ਮੋਠਾਂਵਾਲ ਦੇ ਵਸਨੀਕ ਸ਼ਾਮ ਲਾਲ ਹੀਰ ਦੀ ਦੁਬਈ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ | ਉਹ ਬੀਤੀ 28 ਫਰਵਰੀ ਤੋਂ ਹਵਾਈ ਉਡਾਣਾਂ ਬੰਦ ਹੋਣ ਕਾਰਨ ਦੁਬਈ ਵਿਖੇ ਫਸੇ ਹੋਏ ਸਨ | ਜਾਣਕਾਰੀ ਦਿੰਦੇ ਹੋਏ ਪ੍ਰੋਫੈਸਰ ਲਾਲ ਬਹਾਦਰ ਵਾਸੀ ਜਲੰਧਰ ਨੇ ਦੱਸਿਆ ਕਿ ਉਨ੍ਹਾਂ ਦੇ ਭਣਵਈਏ ਸ਼ਾਮ ਲਾਲ ਹੀਰ ਨੇ ਆਪਣੇ ਘਰ ਵਾਪਸ ਪਰਤਣ ਲਈ 28 ਫਰਵਰੀ ਨੂੰ ਹਵਾਈ ਟਿਕਟ ਬੁੱਕ ਕਰਵਾਈ ਹੋਈ ਸੀ, ਪਰ ਉਸੇ ਦਿਨ ਈਰਾਨ ਵੱਲੋਂ ਦੁਬਈ ਉੱਤੇ ਕੀਤੇ ਗਏ ਹਮਲੇ ਦੇ ਕਾਰਨ ਸਾਰੀਆਂ ਫਲਾਈਟਾਂ ਰੱਦ ਹੋ ਗਈਆਂ | ਉਨ੍ਹਾਂ ਦੱਸਿਆ ਕਿ 28 ਫਰਵਰੀ ਨੂੰ ਦੁਬਈ ਦੇ ਏਅਰਪੋਰਟ 'ਤੇ ਫਸੇ ਹੋਏ ਵੱਖ-ਵੱਖ ਦੇਸ਼ਾਂ ਦੇ ਯਾਤਰੀਆਂ ਨਾਲ ਮਿ੍ਤਕ ਸ਼ਾਮ ਲਾਲ ਹੀਰ ਦੀ ਵੀ ਵੀਡੀਓ ਵਾਇਰਲ ਹੋਈ ਸੀ | ਉਸ ਦਿਨ ਤੋਂ ਹੀ ਉਹ ਸਦਮੇ ਵਿਚ ਸੀ ਕਿ ਕਦੋਂ ਉਸ ਨੂੰ ਦੁਬਾਰਾ ਟਿਕਟ ਮਿਲੇ ਅਤੇ ਉਹ ਆਪਣੇ ਘਰ ਪਰਿਵਾਰ ਵਿਚ ਵਾਪਸ ਪਰਤ ਸਕੇ | ਉਨ੍ਹਾਂ ਦੱਸਿਆ ਕਿ ਉਸ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਸੀ ਕਿ ਜਿਵੇਂ ਹੀ ਉਡਾਣਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਮੈਂ ਵਾਪਸ ਆ ਜਾਵਾਂਗਾ ਪਰ ਇਕ ਮਹੀਨੇ ਤੋਂ ਵੱਧ ਸਮਾਂ ਹੋਣ ਤੋਂ ਬਾਅਦ ਵੀ ਉਸ ਦੀ ਵਾਰੀ ਨਹੀਂ ਆਈ ਅਤੇ ਉਹ ਸਦਮੇ ਵਿਚ ਚਲਾ ਗਿਆ ਸੀ | ਜਿਸ ਕਰਕੇ ਬੀਤੀ 7 ਅਪ੍ਰੈਲ ਨੂੰ ਕੰਮ 'ਤੇ ਜਾਂਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਪਿੱਛੇ ਪਰਿਵਾਰਿਕ ਮੈਂਬਰਾਂ ਉੱਤੇ ਦੁੱਖਾਂ ਦੇ ਪਹਾੜ ਟੁੱਟ ਪਏ ਹਨ ਅਤੇ ਸ਼ਾਮ ਲਾਲ ਹੀਰ ਦੀ ਕਮਾਈ ਸਦਕਾ ਹੀ ਪਿੱਛੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ | ਉਨ੍ਹਾਂ ਕਿਹਾ ਕਿ ਹੁਣ ਉਸ ਦੀ ਮੌਤ ਹੋਣ ਨਾਲ ਘਰ ਵਿਚ ਕੋਈ ਵੀ ਕਮਾਈ ਦਾ ਸਾਧਨ ਨਹੀਂ ਰਿਹਾ | ਉਨ੍ਹਾਂ ਦੱਸਿਆ ਕਿ ਕਿ ਕਰੀਬ 6 ਸਾਲ ਪਹਿਲਾਂ ਸ਼ਾਮ ਲਾਲ ਹੀਰ ਦੀ ਭਰ ਜਵਾਨ ਬੇਟੀ ਜੋ ਅਧਿਆਪਕਾ ਸੀ, ਸੜਕ ਹਾਦਸੇ ਵਿਚ ਮੌਤ ਹੋ ਗਈ ਸੀ | ਉਨ੍ਹਾਂ ਦੱਸਿਆ ਕਿ ਸ਼ਾਮ ਲਾਲ ਪਿੱਛੇ ਪਤਨੀ ਤੇ ਇੱਕ ਬੇਰੁਜ਼ਗਾਰ ਨੌਜਵਾਨ ਪੁੱਤਰ ਛੱਡ ਗਿਆ ਹੈ ਜੋ ਨਾਮਵਰ ਕਬੱਡੀ ਖਿਡਾਰੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਤਕ ਸ਼ਾਮ ਲਾਲ ਦੇ ਪੁੱਤਰ ਨੂੰ ਤਰਸ ਦੇ ਆਧਾਰ 'ਤੇ ਪੰਜਾਬ ਪੁਲਿਸ ਵਿਚ ਜਾਂ ਫਿਰ ਕਿਸੇ ਹੋਰ ਸਰਕਾਰੀ ਅਦਾਰੇ ਵਿਚ ਨੌਕਰੀ ਦਿੱਤੀ ਜਾਵੇ ਤਾਂ ਜੋ ਇਹ ਗ਼ਰੀਬ ਪਰਿਵਾਰ ਆਪਣਾ ਜੀਵਨ ਨਿਰਬਾਹ ਕਰ ਸਕੇ | ਉਨ੍ਹਾਂ ਦੱਸਿਆ ਕਿ ਸ਼ਾਮ ਲਾਲ ਦੀ ਮਿ੍ਤਕ ਦੇਹ 16 ਅਪ੍ਰੈਲ ਨੂੰ ਉਨ੍ਹਾਂ ਦੇ ਪਿੰਡ ਮੋਠਾਂਵਾਲਾ ਵਿਖੇ ਲਿਆਂਦੀ ਜਾਵੇਗੀ, ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ |