ਭੁਲੱਥ, 16 ਅਪ੍ਰੈਲ (ਮੇਹਰ ਚੰਦ ਸਿੱਧੂ)-ਜੇਕਰ ਮੈਨੂੰ ਪਤਾ ਹੁੰਦਾ ਕਿ ਕਸਬਾ ਭੁਲੱਥ ਵਿਚ ਹੋ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੌਰਾਨ ਮੈਂ ਲੁੱਟ ਖੋਹ ਤੇ ਚੋਰੀ ਦੀ ਵਾਰਦਾਤ ਦਾ ਸ਼ਿਕਾਰ ਹੋ ਜਾਣਾ ਹੈ ਤਾਂ ਮੈਂ ਸਿਰਸਾ ਤੋਂ ਕਦੇ ਵੀ ਭੁਲੱਥ ਟੂਰਨਾਮੈਂਟ ਦੇਖਣ ਨਾ ਆਉਂਦਾ | ਇਹ ਪ੍ਰਗਟਾਵਾ ਉਚੇਚੇ ਤੌਰ 'ਤੇ ਕਬੱਡੀ ਟੂਰਨਾਮੈਂਟ ਦੇਖਣ ਲਈ ਸਿਰਸਾ ਹਰਿਆਣਾ ਤੋਂ ਪੁੱਜੇ ਇਕ ਖੇਡ ਪ੍ਰੇਮੀ ਨੌਜਵਾਨ ਗੁਰਦੀਪ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਸਿਰਸਾ ਨੇ ਆਪਣੀ ਹੱਡ ਬੀਤੀ ਸੁਣਾਉਂਦੇ ਹੋਏ ਕਿਹਾ ਕਿ ਉਹ 13 ਅਪ੍ਰੈਲ ਨੂੰ ਸ਼ਾਮ ਸਮੇਂ ਆਪਣੇ ਮੋਟਰਸਾਈਕਲ ਡੀਲਕਸ ਐਚ. ਆਰ. ਈ. ਕਾਲੇ ਰੰਗ ਦਾ 'ਤੇ ਸਵਾਰ ਹੋ ਕੇ ਭੁਲੱਥ ਪੁੱਜਾ ਸੀ ਤੇ ਪੱਕੀ ਦਾਣਾ ਮੰਡੀ ਭੁਲੱਥ ਵਿਖੇ ਚੱਲ ਰਹੇ ਕਬੱਡੀ ਟੂਰਨਾਮੈਂਟ ਦੌਰਾਨ 14 ਅਪ੍ਰੈਲ ਨੂੰ ਉਸ ਦਾ ਬੈਗ, ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋ ਗਿਆ | ਉਸ ਨੇ ਦੱਸਿਆ ਕਿ ਉਹ ਅੱਜ ਤੱਕ ਕਾਫ਼ੀ ਭਾਲ ਕਰਦਾ ਰਿਹਾ ਪਰ ਮੋਟਰਸਾਈਕਲ ਤੇ ਉਸ ਦਾ ਬੈਗ, ਮੋਬਾਈਲ ਫ਼ੋਨ ਤੇ ਹੋਰ ਕੀਮਤੀ ਸਾਮਾਨ ਨਹੀਂ ਮਿਲਿਆ ਤੇ ਨਾ ਹੀ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ ਉਸ ਦੀ ਕੋਈ ਸੁਣਵਾਈ ਹੋਈ | ਉਸ ਨੇ ਦੱਸਿਆ ਕਿ ਉਸ ਪਾਸ ਵਾਪਸ ਸਿਰਸਾ ਜਾਣ ਲਈ ਕਿਰਾਇਆ ਵੀ ਨਹੀਂ ਬਚਿਆ | ਇਸ ਮੌਕੇ ਉੱਘੇ ਸਮਾਜ ਸੇਵਕ ਮੁੱਖ ਸੇਵਾਦਾਰ ਵੇਈਾ ਘਾਟ ਭੁਲੱਥ ਬਾਬਾ ਬਲਵਿੰਦਰ ਸਿੰਘ ਬਾਜਵਾ ਵਲੋਂ ਵਾਪਸ ਸਿਰਸਾ ਜਾਣ ਲਈ ਕਿਰਾਇਆ ਤੇ ਹੋਰ ਖਾਣ ਪੀਣ ਦਾ ਸਾਮਾਨ ਦਿੱਤਾ ਗਿਆ |