ਕਪੂਰਥਲਾ, 18 ਅਪ੍ਰੈਲ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਦੋਨਾ ਖੇਤਰ ਦੇ ਕਿਸਾਨਾਂ ਨੂੰ ਪਾਵਰਕਾਮ ਵਲੋਂ ਲੋੜ ਅਨੁਸਾਰ ਬਿਜਲੀ ਨਾ ਦਿੱਤੇ ਜਾਣ ਕਾਰਨ ਕਿਸਾਨਾਂ ਦੀ ਮੱਕੀ, ਖ਼ਰਬੂਜਾ, ਹਦਵਾਣਾ, ਸਬਜ਼ੀਆਂ ਤੇ ਹੋਰ ਫ਼ਸਲਾਂ ਪਾਣੀ ਦੀ ਘਾਟ ਕਾਰਨ ਸੁੱਕ ਰਹੀਆਂ ਹਨ, ਜਿਸ ਨੂੰ ਲੈ ਕੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ | ਵੱਡੇ ਕਿਸਾਨ ਜਨਰੇਟਰ ਚਲਾ ਕੇ ਆਪਣੀਆਂ ਫ਼ਸਲਾਂ ਪਾਲ ਰਹੇ ਹਨ, ਜਦਕਿ ਛੋਟੇ ਕਿਸਾਨ ਜਿਨ੍ਹਾਂ ਜ਼ਮੀਨਾਂ ਠੇਕੇ 'ਤੇ ਲਈਆਂ ਹੋਈਆਂ ਹਨ ਉਨ੍ਹਾਂ ਨੂੰ ਆਪਣੀਆਂ ਫ਼ਸਲਾਂ ਪਾਲਣ ਲਈ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਪਾਵਰਕਾਮ ਵਲੋਂ ਦੋਨਾ ਖੇਤਰ ਵਿਚ ਪੈਂਦੇ ਸਾਰੇ ਫੀਡਰਾਂ 'ਤੇ ਕਿਸਾਨਾਂ ਨੂੰ ਰੋਜ਼ਾਨਾ ਚਾਰ ਘੰਟੇ ਬਿਜਲੀ ਸਪਲਾਈ ਵੱਖ-ਵੱਖ ਸ਼ਡਿਊਲ ਅਨੁਸਾਰ ਦਿੱਤੀ ਜਾ ਰਹੀ ਹੈ, ਪਰ ਬਿਜਲੀ ਸਪਲਾਈ ਦੌਰਾਨ ਕੱਟ ਲੱਗਣ ਕਾਰਨ ਫ਼ਸਲਾਂ ਦੀ ਪੂਰੀ ਸਿੰਚਾਈ ਨਾ ਹੋਣ ਕਾਰਨ ਮੱਕੀ, ਖ਼ਰਬੂਜਾ ਤੇ ਸਬਜ਼ੀਆਂ ਦੇ ਖੇਤ ਸਖ਼ਤ ਗਰਮੀ ਪੈਣ ਕਾਰਨ ਸੁੱਕ ਰਹੇ ਹਨ | ਪਰ ਪਾਵਰਕਾਮ ਵਲੋਂ ਕਿਸਾਨਾਂ ਨਾਲ ਨਿਰੰਤਰ ਬਿਜਲੀ ਸਪਲਾਈ ਦੇਣ ਦੇ ਵਾਅਦੇ ਤੋਂ ਬਾਅਦ ਵੀ ਉਨ੍ਹਾਂ ਨੂੰ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ | ਮਨਸੂਰਵਾਲ ਦੋਨਾ ਦੇ ਕਿਸਾਨ ਹਰਬੰਸ ਸਿੰਘ ਵਾਲੀਆ ਨੇ ਦੱਸਿਆ ਕਿ ਧਾਲੀਵਾਲ ਦੋਨਾ, ਔਜਲਾ ਰੋਡ 'ਤੇ ਹੋਰ ਨੇੜਲੇ ਖੇਤਰਾਂ 'ਚ ਕੁਲਵਾਹਣਾ ਸਾਹਿਬ ਫੀਡਰ ਤੇ ਤਲਵੰਡੀ ਮਹਿਮਾ ਫੀਡਰਾਂ ਨੂੰ ਨੰਗਲ ਨਰੈਣਗੜ੍ਹ ਸਬ ਸਟੇਸ਼ਨ ਤੋਂ ਬਿਜਲੀ ਸਪਲਾਈ ਮਿਲਦੀ ਹੈ, ਪਰ ਪਿਛਲੇ ਤਿੰਨ ਦਿਨਾਂ ਤੋਂ ਬਿਜਲੀ ਨਾ ਆਉਣ ਕਾਰਨ ਧਾਲੀਵਾਲ ਦੋਨਾ, ਮਨਸੂਰਵਾਲ ਦੋਨਾਂ ਤੇ ਔਜਲਾ ਰੋਡ ਦੇ ਵੱਡੀ ਗਿਣਤੀ 'ਚ ਕਿਸਾਨਾਂ ਦੀਆਂ ਮੱਕੀ, ਸਬਜ਼ੀਆਂ, ਹਦਵਾਣਾ ਤੇ ਖ਼ਰਬੂਜ਼ੇ ਦੀਆਂ ਫ਼ਸਲਾਂ ਨੂੰ ਪਾਣੀ ਨਹੀਂ ਮਿਲ ਰਿਹਾ | ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਬੰਦ ਹੋਣ ਦਾ ਮਾਮਲਾ ਪਾਵਰਕਾਮ ਦੇ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਝਾੜ ਲਿਆ ਕਿ 66 ਕੇ. ਵੀ. ਵੱਡੀ ਲਾਈਨ 'ਚ ਤਕਨੀਕੀ ਨੁਕਸ ਪੈਣ ਕਾਰਨ ਬਿਜਲੀ ਸਪਲਾਈ ਬੰਦ ਹੈ ਤੇ ਜਦੋਂ ਵੀ ਲਾਈਨ ਚਾਲੂ ਹੋਈ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਬਿਜਲੀ ਮਿਲੇਗੀ | ਉਨ੍ਹਾਂ ਕਿਹਾ ਕਿ ਜੇਕਰ ਅਗਲੇ ਇਕ ਦੋ ਦਿਨ ਇਸੇ ਤਰ੍ਹਾਂ ਬਿਜਲੀ ਸਪਲਾਈ ਬੰਦ ਰਹੀ ਤਾਂ ਹਜ਼ਾਰਾਂ ਰੁਪਏ ਖ਼ਰਚ ਕੇ ਇਸ ਖੇਤਰ ਦੇ ਕਿਸਾਨਾਂ ਵਲੋਂ ਬੀਜੀਆਂ ਗਈਆਂ ਵੱਖ-ਵੱਖ ਫ਼ਸਲਾਂ ਤਬਾਹ ਹੋ ਜਾਣਗੀਆਂ | ਇਸੇ ਦੌਰਾਨ ਪਟੈਟੋ ਗਰੋਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਉੱਘੇ ਕਿਸਾਨ ਦਵਿੰਦਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਪਾਵਰਕਾਮ ਵਲੋਂ ਚਾਰ ਘੰਟੇ ਬਿਜਲੀ ਸਪਲਾਈ ਦੇਣ ਦਾ ਸ਼ਡਿਊਲ ਹੈ ਤੇ ਚਾਰ ਘੰਟਿਆਂ ਵਿਚ ਵੀ ਕਈ ਵਾਰ ਕੱਟ ਲੱਗਣ ਕਾਰਨ ਕਿਸਾਨਾਂ ਨੂੰ ਢਾਈ ਤਿੰਨ ਘੰਟੇ ਹੀ ਬਿਜਲੀ ਸਪਲਾਈ ਮਿਲਦੀ ਹੈ | ਦਵਿੰਦਰਬੀਰ ਸਿੰਘ ਚਾਹਲ ਨੇ ਕਿਹਾ ਕਿ ਸਵੇਰ ਦਾ ਬਿਜਲੀ ਸਪਲਾਈ ਦਾ ਸ਼ਡਿਊਲ ਸਵੇਰੇ 4 ਤੋਂ 8 ਵਜੇ ਤੱਕ ਹੈ, ਇਸ ਦੌਰਾਨ ਪਾਵਰ ਕੱਟ ਤਾਂ ਨਿਰੰਤਰ ਲੱਗਦੇ ਹਨ, ਜੇ ਕਿਧਰੇ ਕੋਈ ਫ਼ਿਊਜ਼ ਵੀ ਉੱਡ ਜਾਂਦਾ ਹੈ ਤਾਂ ਉਸ ਸਮੇਂ ਫ਼ਿਊਜ਼ ਲਗਾਉਣ ਨੂੰ ਕੋਈ ਵੀ ਤਿਆਰ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਵੱਡੇ ਕਿਸਾਨ ਜਿਨ੍ਹਾਂ ਮੱਕੀ ਤੇ ਹੋਰ ਫ਼ਸਲਾਂ ਵੱਡੇ ਪੱਧਰ 'ਤੇ ਬੀਜੀਆਂ ਹੋਈਆਂ ਹਨ ਨੂੰ ਆਪਣੀਆਂ ਫ਼ਸਲਾਂ ਪਾਲਣ ਲਈ ਰੋਜ਼ਾਨਾ 5-6 ਘੰਟੇ ਜਨਰੇਟਰ ਚਲਾਉਣ 'ਤੇ 700 ਤੋਂ 800 ਰੁਪਏ ਤੱਕ ਖ਼ਰਚਾ ਆਉਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਦੋਨਾ ਖੇਤਰ ਦੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਪਾਲਣ ਲਈ ਰੋਜ਼ਾਨਾ 8 ਘੰਟੇ ਨਿਰੰਤਰ ਬਿਜਲੀ ਸਪਲਾਈ ਦਿੱਤੀ ਜਾਵੇ | 'ਅਜੀਤ' ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਨੇ ਕਿਹਾ ਕਿ ਯੂਨੀਅਨ ਪਿਛਲੇ ਦਿਨੀਂ ਪਾਵਰਕਾਮ ਦੇ ਸਰਕਲ ਦਫ਼ਤਰ ਮੂਹਰੇ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਕੀਤਾ ਸੀ ਤੇ ਉਸ ਸਮੇਂ ਪਾਵਰਕਾਮ ਦੇ ਉਪ ਚੀਫ਼ ਇੰਜੀਨੀਅਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਬਿਜਲੀ ਸਪਲਾਈ ਵਿਚ ਸੁਧਾਰ ਲਿਆਉਣਗੇ | ਉਨ੍ਹਾਂ ਕਿਹਾ ਕਿ ਉਪ ਚੀਫ਼ ਇੰਜੀਨੀਅਰ ਦੇ ਭਰੋਸੇ ਦੇ ਬਾਵਜੂਦ ਵੀ ਉਨ੍ਹਾਂ ਨੂੰ ਲੋੜ ਅਨੁਸਾਰ ਬਿਜਲੀ ਦੀ ਸਪਲਾਈ ਨਹੀਂ ਮਿਲ ਰਹੀ ਤੇ ਚਾਰ ਘੰਟੇ ਦੇ ਬਿਜਲੀ ਸ਼ਡਿਊਲ ਵਿਚ ਕਈ ਵਾਰ ਕੱਟ ਲੱਗ ਰਹੇ ਹਨ | ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਸਪਲਾਈ ਜੇਕਰ ਇਸੇ ਤਰ੍ਹਾਂ ਹੀ ਰਹੀ ਤਾਂ ਯੂਨੀਅਨ 22 ਅਪ੍ਰੈਲ ਨੂੰ ਕਿਸਾਨਾਂ ਦੀ ਮੀਟਿੰਗ ਬੁਲਾਕੇ ਵਿਚਾਰ ਵਟਾਂਦਰੇ ਉਪਰੰਤ ਅਗਲੇ ਐਕਸ਼ਨ ਦਾ ਐਲਾਨ ਕਰੇਗੀ |