ਨਡਾਲਾ, 18 ਅਪ੍ਰੈਲ (ਰਘਬਿੰਦਰ ਸਿੰਘ)-ਪਿੰਡ ਰਾਏਪੁਰ ਅਰਾਈਆਂ ਸੀ.ਐਨ.ਆਈ ਚਰਚ ਵਿਖੇ ਸੰਵਿਧਾਨ ਨਿਰਮਾਤਾ ਡਾ.ਅੰਬੇਡਕਰ ਦੇ ਜਨਮ ਦਿਵਸ ਮੌਕੇ ਸ਼ਰਧਾ ਅਤੇ ਸਨਮਾਨ ਨਾਲ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿੰਡ ਵਾਸੀਆਂ ਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ | ਸਮਾਗਮ ਦੀ ਸ਼ੁਰੂਆਤ ਡਾ. ਅੰਬੇਡਕਰ ਦੀ ਤਸਵੀਰ ਅੱਗੇ ਫ਼ੁਲ ਮਾਲਾਵਾਂ ਭੇਟ ਕਰਕੇ ਕੀਤੀ ਗਈ | ਇਸ ਮੌਕੇ ਪ੍ਰਧਾਨ ਸਟੀਫਨ ਕਾਲਾ ਨੇ ਡਾ. ਅੰਬੇਡਕਰ ਦੇ ਜੀਵਨ ਤੇ ਉਨ੍ਹਾਂ ਦੇ ਸੰਘਰਸ਼ ਬਾਰੇ ਚਾਨਣ ਪਾਇਆ ਤੇ ਕਿਹਾ ਕਿ ਉਨ੍ਹਾਂ ਨੇ ਸਮਾਜ ਵਿਚ ਸਮਾਨਤਾ ਤੇ ਨਿਆਂ ਲਈ ਅਮੁੱਲ ਯੋਗਦਾਨ ਪਾਇਆ | ਸਰਪੰਚ ਵਰਿੰਦਰ ਕੁਮਾਰ ਪਰਾਸ਼ਰ ਨੇ ਕਿਹਾ ਕਿ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਅੱਜ ਵੀ ਸਾਡੇ ਲਈ ਪੇ੍ਰਰਨਾ ਦਾ ਸਰੋਤ ਹਨ ਤੇ ਸਾਨੂੰ ਉਨ੍ਹਾਂ ਦੇ ਦੱਸੇ ਰਸਤੇ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਤੇ ਸਿੱਖਿਆ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ | ਅੰਤ 'ਚ ਸਮਾਗਮ ਦੇ ਆਯੋਜਕਾਂ ਵਲੋਂ ਸਾਰੇ ਹਾਜ਼ਰ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਵਰਿੰਦਰ ਕੁਮਾਰ ਪਰਾਸ਼ਰ, ਪ੍ਰਧਾਨ ਸਟੀਫਨ ਕਾਲਾ, ਰਾਜ ਹੰਸ, ਪਾਸਟਰ ਮੱਤੀ ਮਸੀਹ, ਤਾਲਬ ਹੰਸ, ਜੋਰਜ ਜੋਲੀ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |