ਨਡਾਲਾ, 18 ਅਪ੍ਰੈਲ (ਰਘਬਿੰਦਰ ਸਿੰਘ)-ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਏਕ ਨੂਰ ਅਵੇਅਰਨੈੱਸ ਸੁਸਾਇਟੀ ਨਡਾਲਾ ਵੱਲੋਂ ਅੱਜ ਸਥਾਨਕ ਸਰਕਾਰੀ ਸਕੂਲ ਵਿਚ ਪੜ੍ਹ ਰਹੇ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ ਅਤੇ ਸਟੇਸ਼ਨਰੀ ਵੰਡਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਸਿੱਖਿਆ ਹੀ ਇੱਕ ਅਜਿਹਾ ਹਥਿਆਰ ਹੈ ਜਿਸ ਨਾਲ ਬੱਚੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਦੇ ਹਨ, ਇਸ ਲਈ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਨ ਲਈ ਅਜਿਹੇ ਉਪਰਾਲੇ ਆਗਾਮੀ ਸਮੇਂ ਵਿਚ ਵੀ ਜਾਰੀ ਰਹਿਣਗੇ | ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਵੱਲੋਂ ਸੁਸਾਇਟੀ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਗਿਆ ਕਿ ਇਸ ਨਾਲ ਬੱਚਿਆਂ ਵਿਚ ਪੜ੍ਹਾਈ ਪ੍ਰਤੀ ਹੋਰ ਉਤਸ਼ਾਹ ਵਧੇਗਾ | ਇਸ ਦੌਰਾਨ ਵਿਦਿਆਰਥੀਆਂ ਨੇ ਵੀ ਖ਼ੁਸ਼ੀ ਪ੍ਰਗਟ ਕਰਦਿਆਂ ਸੁਸਾਇਟੀ ਦਾ ਧੰਨਵਾਦ ਕੀਤਾ | ਇਸ ਮੌਕੇ ਸੁਸਾਇਟੀ ਮੈਂਬਰ ਸੰਦੀਪ ਕੁਮਾਰ ਟੋਨੀ, ਹਰਜਿੰਦਰ ਪਾਲ ਜੋਸ਼ੀ, ਬਲਵਿੰਦਰ ਸਿੰਘ ਸਰਗੋਧੀਆ, ਸੰਦੀਪ ਸੈਣੀ, ਜਗੀਰ ਸਿੰਘ, ਕਾਲੂ ਯੂ.ਐਸ.ਏ., ਜਗਜੀਤ ਸਿੰਘ, ਪਵਨ ਕੁਮਾਰ, ਜਸਵਿੰਦਰ ਸਿੰਘ ਮਠਾੜੂ ਤੋਂ ਇਲਾਵਾ ਸਕੂਲ ਮੁਖੀ ਗੁਰਨਾਮ ਸਿੰਘ, ਲੈਕਚਰਾਰ ਤਰਸੇਮ ਸਿੰਘ ਸੰਧੂ, ਲੈਕਚਰਾਰ ਦਿਲਬਾਗ ਸਿੰਘ, ਲੈਕਚਰਾਰ ਕਮਲੇਸ਼ ਕੌਰ, ਲਾਇਬਰੇਰੀਅਨ ਰਜਿੰਦਰ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਮਨਿੰਦਰ ਪਾਲ ਅਤੇ ਹੋਰ ਹਾਜ਼ਰ ਸਨ |