ਕਪੂਰਥਲਾ, 19 ਅਪ੍ਰੈਲ (ਅਮਰਜੀਤ ਕੋਮਲ)-ਜ਼ਿਲ੍ਹੇ 'ਚ ਵਾਤਾਵਰਨ ਦੀ ਸਾਂਭ ਸੰਭਾਲ ਤੇ ਮਨੁੱਖੀ ਸਿਹਤ ਦੀ ਰਾਖੀ ਨੂੰ ਮੁੱਖ ਰੱਖਦਿਆਂ ਕਣਕ ਦੇ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਪੂਰਥਲਾ, ਫਗਵਾੜਾ ਭੁਲੱਥ ਤੇ ਸੁਲਤਾਨਪੁਰ ਲੋਧੀ ਵਿਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਵਿਸ਼ੇਸ਼ ਉੱਡਣ ਦਸਤਾ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ 24 ਘੰਟੇ ਮੁਸਤੈਦ ਰਹਿਣਗੀਆਂ ਤੇ ਨਾੜ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਤੁਰੰਤ ਕਾਰਵਾਈ ਯਕੀਨੀ ਬਣਾਉਣਗੀਆਂ | ਇਹ ਪ੍ਰਗਟਾਵਾ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਇਕ ਬਿਆਨ ਵਿਚ ਕੀਤਾ | ਉਨ੍ਹਾਂ ਕਿਹਾ ਕਿ ਖੇਤਾਂ ਵਿਚ ਨਾੜ ਨੂੰ ਅੱਗ ਲਗਾਉਣ ਨਾਲ ਜਿਥੇ ਹਵਾ ਪ੍ਰਦੂਸ਼ਿਤ ਹੁੰਦੀ ਹੈ, ਉਥੇ ਹੀ ਪਸ਼ੂ ਤੇ ਮਿੱਤਰ ਕੀੜਿਆਂ ਦੇ ਖ਼ਤਮ ਹੋਣ ਨਾਲ ਕੁਦਰਤੀ ਚੱਕਰ ਨੂੰ ਵੱਡਾ ਨੁਕਸਾਨ ਹੁੰਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਖੇਤੀਬਾੜੀ ਵਿਭਾਗ ਵਲੋਂ ਪਿੰਡ ਪੱਧਰ 'ਤੇ ਮਸ਼ੀਨਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਕਣਕ ਦੇ ਨਾੜ ਨੂੰ ਖੇਤਾਂ ਵਿਚ ਵਾਹ ਕੇ ਮਿੱਟੀ ਦੀ ਉਪਜਾਓ ਸ਼ਕਤੀ ਨੂੰ ਵਧਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਕਿਸੇ ਵੀ ਐਮਰਜੈਂਸੀ ਜਾਂ ਅੱਗ ਲੱਗਣ ਦੀ ਸੂਚਨਾ ਦੇਣ ਲਈ ਫਾਇਰ ਬਿ੍ਗੇਡ ਦੇ ਕੰਟਰੋਲ ਰੂਮ ਨੰਬਰ 01822-232333 ਜਾਂ 101 'ਤੇ ਸੰਪਰਕ ਕੀਤਾ ਜਾ ਸਕਦਾ ਹੈ | ਇਸੇ ਤਰ੍ਹਾਂ ਸਬ ਡਵੀਜ਼ਨ ਪੱਧਰ 'ਤੇ ਤਾਇਨਾਤ ਟੀਮਾਂ 'ਚ ਕਪੂਰਥਲਾ ਸਬ ਡਵੀਜ਼ਨ ਲਈ ਤਹਿਸੀਲਦਾਰ ਵਿਜੇ ਕੁਮਾਰ ਹੀਰ, ਡੀ. ਐਸ. ਪੀ. ਡਾ. ਸ਼ੀਤਲ ਸਿੰਘ, ਐਸ. ਐਫ. ਓ. ਹਰਪ੍ਰੀਤ ਸਿੰਘ, ਫਗਵਾੜਾ ਲਈ ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ, ਇੰਸਪੈਕਟਰ ਅਮਨਦੀਪ ਕੌਰ, ਏ. ਡੀ. ਐਫ. ਓ. ਮਨਿੰਦਰ ਸਿੰਘ, ਭੁਲੱਥ ਲਈ ਤਹਿਸੀਲਦਾਰ ਵਰਿੰਦਰ ਭਾਟੀਆ ਤੇ ਸੰਦੀਪ ਸਿੰਘ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਲਈ ਤਹਿਸੀਲਦਾਰ ਵਿਜੇ ਕੁਮਾਰ ਹੀਰ, ਐਸ. ਪੀ. ਸੁਲਤਾਨਪੁਰ ਲੋਧੀ ਧਰਿੰਦਰ ਵਰਮਾ ਤੇ ਵਿਸ਼ਾਲ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਅਕਾਸ਼ ਬਾਂਸਲ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |