ਕਪੂਰਥਲਾ, 21 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਆਰ. ਸੀ. ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਮੁੱਖ ਆਗੂਆਂ ਤੇ ਜਨਰਲ ਮੈਨੇਜਰ ਅਜੇ ਨੰਦਨ ਦਰਮਿਆਨ ਇਕ ਮਹੱਤਵਪੂਰਨ ਮੀਟਿੰਗ ਹੋਈ | ਮੀਟਿੰਗ 'ਚ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਜਨਰਲ ਸਕੱਤਰ ਸਰਵਜੀਤ ਸਿੰਘ, ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਜੁਆਇੰਟ ਸਕੱਤਰ ਜਸਪਾਲ ਸਿੰਘ ਸੇਖੋਂ ਤੇ ਚੇਅਰਮੈਨ ਦਰਸ਼ਨ ਲਾਲ, ਬਚਿੱਤਰ ਸਿੰਘ, ਨਰਿੰਦਰ ਸਿੰਘ, ਜਗਤਾਰ ਸਿੰਘ, ਬਲਦੇਵ ਰਾਜ, ਅਰਵਿੰਦ ਕੁਮਾਰ ਸ਼ਾਹ, ਬਲਜਿੰਦਰ ਸਿੰਘ, ਪ੍ਰਦੀਪ ਕੁਮਾਰ, ਸੰਜੀਵ ਕੁਮਾਰ, ਤਲਵਿੰਦਰ ਸਿੰਘ, ਇੰਦਰਜੀਤ ਕੌਰ ਤੇ ਸਾਕੇਤ ਕੁਮਾਰ ਨੇ ਮੁਲਾਜ਼ਮਾਂ ਦੀ ਹੱਕਾਂ ਦੀ ਜ਼ੋਰਦਾਰ ਵਕਾਲਤ ਕੀਤੀ | ਸਰਵਜੀਤ ਸਿੰਘ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਉਦੇਸ਼ ਆਰ. ਸੀ. ਐਫ. ਪ੍ਰਸ਼ਾਸਨ ਤੇ ਮੁਲਾਜ਼ਮਾਂ ਦਰਮਿਆਨ ਤਾਲਮੇਲ ਬਣਾਉਣਾ ਤੇ ਫ਼ੈਕਟਰੀ ਦੀ ਤਰੱਕੀ ਦੇ ਨਾਲ ਕਰਮਚਾਰੀਆਂ ਦੇ ਹਿੱਤਾਂ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਕਰਨਾ ਸੀ | ਉਨ੍ਹਾਂ ਕਿਹਾ ਕਿ ਇਹ ਦੋ ਧਿਰੀ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ | ਯੂਨੀਅਨ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਮੀਟਿੰਗ 'ਚ ਆਰ. ਸੀ. ਐਫ. ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਤੇ ਕਰਮਚਾਰੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਆਰ. ਸੀ. ਐਫ. 'ਚ ਖਾਲੀ ਪਈਆਂ ਲਗਪਗ 1700 ਅਸਾਮੀਆਂ ਭਰਨ ਤੇ ਕਰਮਚਾਰੀਆਂ ਦੀ ਤਰੱਕੀ 'ਚ ਹੋ ਰਹੀ ਦੇਰੀ ਵਿਚ ਤੇਜ਼ੀ ਲਿਆਉਣ, ਆਰ. ਸੀ. ਐਫ. 'ਚ ਸਮੇਂ ਸਿਰ ਲੋੜੀਂਦੇ ਮਟੀਰੀਅਲ ਦੀ ਉਪਲਬਧਤਾ, ਸ਼ਾਪ ਦੇ ਖ਼ਰਾਬ ਸਫ਼ਾਈ ਪ੍ਰਬੰਧਨ, ਕਰਮਚਾਰੀਆਂ ਦੇ ਇਨਸੈਂਨਟਿਵ ਸੰਬੰਧੀ, ਕਰਮਚਾਰੀਆਂ ਨੂੰ ਪੀ. ਪੀ. ਈ. ਕਿੱਟ ਮੁਹੱਈਆ ਕਰਵਾਉਣ, ਕਰਮਚਾਰੀਆਂ ਦੀ ਪੜ੍ਹਾਈ ਤੇ ਰਿਹਾਇਸ਼ੀ ਕਲੋਨੀਆਂ ਵੱਲ ਵਿਸ਼ੇਸ਼ ਧਿਆਨ ਦੇਣ, ਆਰ. ਸੀ. ਐਫ. ਕੁਆਰਟਰਾਂ ਦੀ ਬਿਨਾ ਦੇਰੀ ਮੁਰੰਮਤ ਕਰਵਾਉਣ, ਸਿਵਲ ਵਿਭਾਗ ਤੇ ਹਸਪਤਾਲ ਤੋਂ ਕਰਮਚਾਰੀਆਂ ਨੂੰ ਵਰਕਸ਼ਾਪ 'ਚ ਤਬਦੀਲ ਕਰਨ ਤੇ ਕਾਲੋਨੀ ਨਾਲ ਸੰਬੰਧਿਤ ਹੋਰ ਕਈ ਮੁਸ਼ਕਿਲਾਂ ਜਨਰਲ ਮੈਨੇਜਰ ਦੇ ਧਿਆਨ 'ਚ ਲਿਆਂਦੀਆਂ ਗਈਆਂ | ਬਹੁਤ ਹੀ ਸੁਖਾਵੇਂ ਮਾਹੌਲ ਵਿਚ ਹੋਈ ਮੀਟਿੰਗ ਵਿਚ ਜਨਰਲ ਮੈਨੇਜਰ ਵਲੋਂ ਯੂਨੀਅਨ ਆਗੂਆਂ ਨਾਲ ਵੱਖ-ਵੱਖ ਮੰਗਾਂ 'ਤੇ ਕੀਤੇ ਵਿਚਾਰ ਵਟਾਂਦਰੇ ਤੋਂ ਬਾਅਦ ਅਜੇ ਨੰਦਨ ਨੇ ਯੂਨੀਅਨ ਆਗੂਆਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੱਢਣ ਦਾ ਵਿਸ਼ਵਾਸ ਦਿਵਾਇਆ |