ਭੁਲੱਥ, 21 ਅਪ੍ਰੈਲ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਥਾਣਾ ਭੁਲੱਥ ਪੁਲਿਸ ਨੇ ਨਸ਼ੇ ਦਾ ਸ਼ਰੇਆਮ ਸੇਵਨ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ | ਥਾਣਾ ਮੁਖੀ ਭੁਲੱਥ ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਭੁਲੱਥ ਪੁਲਿਸ ਨੂੰ ਨਾਕਾਬੰਦੀ ਦੌਰਾਨ ਇਤਲਾਹ ਮਿਲੀ ਕਿ ਖੱਸਣ ਰੋਡ 'ਤੇ ਨਜ਼ਦੀਕ ਸ਼ਮਸ਼ਾਨਘਾਟ ਸਰਕਾਰੀ ਪਾਣੀ ਵਾਲੇ ਟਿਊਬਵੈੱਲ ਦੇ ਕਮਰੇ ਪਿੱਛੇ ਦੋ ਵਿਅਕਤੀ ਸ਼ਰੇਆਮ ਹੈਰੋਇਨ ਨਸ਼ੇ ਦਾ ਸੇਵਨ ਕਰ ਰਹੇ ਹਨ, ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਹਨ | ਪੁਲਿਸ ਪਾਰਟੀ ਹੈੱਡ ਕਾਂਸਟੇਬਲ ਪਿ੍ੰਸ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵਲੋਂ ਦੱਸੀ ਹੋਈ ਜਗ੍ਹਾ 'ਤੇ ਰੇਡ ਕੀਤਾ ਤਾਂ ਉਥੇ ਦੋ ਵਿਅਕਤੀ ਸ਼ਰੇਆਮ ਹੈਰੋਇਨ ਨਸ਼ੇ ਦਾ ਸੇਵਨ ਕਰ ਰਹੇ ਸਨ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਏ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ | ਹੈੱਡ ਕਾਂਸਟੇਬਲ ਪਿ੍ੰਸ ਕੁਮਾਰ ਵਲੋਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਨਾਂਅ ਪਤਾ ਪੁੱਛਿਆ, ਜਿਨ੍ਹਾਂ ਨੇ ਆਪਣਾ ਨਾਂਅ ਕਾਲੂ ਪੁੱਤਰ ਹਨੀਫ ਵਾਸੀ ਪਿੰਡ ਮੋਹਾਂ ਨੰਗਲ ਖੁੰਗਾ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ ਤੇ ਦੂਜੇ ਨੇ ਆਪਣਾ ਨਾਂਅ ਆਸ਼ੂ ਪੁੱਤਰ ਨੂਰ ਹਸਨ ਵਾਸੀ ਬੁੱਢੀ ਪਿੰਡ ਥਾਣਾ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੱਸਿਆ, ਉਕਤ ਦੋਵੇਂ ਵਿਅਕਤੀਆਂ ਨੂੰ ਕਾਬੂ ਕਰਕੇ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ |