ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰੇਸ਼ ਹੈਪੀ)-ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਮਾਰਗ ਤੇ ਬਣੇ ਜਗਤ ਮਾਤਾ ਸੁਲੱਖਣੀ ਜੀ ਗੇਟ ਦੇ ਬਾਹਰ ਲੱਗੇ ਗੰਦਗੀ ਦੇ ਢੇਰਾਂ ਨਾਲ ਦੇਸ਼ ਵਿਦੇਸ਼ ਤੋਂ ਗੁਰੂ ਘਰਾਂ ਦੇ ਦਰਸ਼ਨ ਕਰਨ ਲਈ ਪੁੱਜ ਰਹੀਆਂ ਸੰਗਤਾਂ ਦੇ ਮਨਾਂ ਵਿਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ | ਵੱਖ-ਵੱਖ ਜਥੇਬੰਦੀਆਂ ਨੇ ਗੰਦਗੀ ਦੇ ਢੇਰਾਂ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਵਾਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ | ਗਤਕਾ ਕੋਚ ਗੁਰਵਿੰਦਰ ਕੌਰ ਨੇ ਇਨ੍ਹਾਂ ਹਾਲਾਤਾਂ ਤੇ ਪ੍ਰਤੀਕਿਰਿਆ ਕਰਦੇ ਹੋਏ ਕਿਹਾ ਕਿ ਪਾਵਨ ਨਗਰੀ ਦਾ ਹੁਣ ਕੋਈ ਵੀ ਵਾਲੀ ਵਾਰਸ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਨਗਰੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਬਹੁਤ ਦੁਰਦਸ਼ਾ ਹੋਈ ਹੈ | ਕੀ ਸਰਕਾਰ ਇਸ ਗੰਦਗੀ ਦੇ ਹਾਲਾਤ ਬਾਰੇ ਜਵਾਬ ਦੇਹ ਨਹੀਂ ਹੈ ਜਾਂ ਪ੍ਰਸ਼ਾਸਨ ਜਾਣ ਬੁੱਝ ਕੇ ਅੱਖਾਂ ਮੀਟ ਕੇ ਬੈਠਾ ਹੈ | ਜ਼ਿਕਰਯੋਗ ਹੈ ਕਿ 550 ਸਾਲਾ ਗੁਰਪੁਰਬ ਮੌਕੇ ਪਾਵਨ ਨਗਰੀ ਦੀ ਕਾਂਗਰਸ ਸਰਕਾਰ ਵੱਲੋਂ ਕਰਵਾਏ ਵਿਕਾਸ ਕਾਰਜ ਆਪਣੇ ਮੂੰਹੋਂ ਆਪ ਬੋਲਦੇ ਸਨ | ਕਾਂਗਰਸ ਦੀ ਸਰਕਾਰ ਸਮੇਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਇਸ ਪਾਵਨ ਨਗਰੀ ਨੂੰ ਸੁੰਦਰ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ ਸੀ | ਕਾਰ ਸੇਵਾ ਵਾਲੇ ਸੰਤਾਂ ਮਹਾਂਪੁਰਸ਼ਾਂ ਸੰਤ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਪਾਵਨ ਨਗਰੀ ਸ਼ਹਿਰ ਦੇ ਪ੍ਰਮੁੱਖ ਛੇ ਦੁਆਰਾਂ ਤੇ ਸੁੰਦਰ ਐਂਟਰੀ ਗੇਟ ਬਣਵਾ ਕੇ ਇਸ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਦਿੱਤੇ ਸਨ ਸਿੱਖ ਕੌਮ ਦੇ ਪ੍ਰਮੁੱਖ ਧੁਰਾ ਵਜੋਂ ਜਾਣੇ ਜਾਂਦੇ ਸ੍ਰੀ ਗੋਇੰਦਵਾਲ ਸਾਹਿਬ ਦੇ ਇਤਿਹਾਸਿਕ ਮਾਰਗ ਤੇ ਜਗਤ ਮਾਤਾ ਸੁਲੱਖਣੀ ਦੇ ਨਾਮ ਤੇ ਸੁੰਦਰ ਗੇਟ ਬਣਵਾਇਆ ਸੀ ਪ੍ਰੰਤੂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਇਕ ਕਥਿਤ ਤੌਰ 'ਤੇ ਨਲਾਇਕੀ ਤੇ ਲਾਪ੍ਰਵਾਹੀ ਕਾਰਨ ਇਸ ਗੇਟ ਦੇ ਬਾਹਰ ਵੱਡੀ ਮਾਤਰਾ ਵਿਚ ਲੱਗੇ ਗੰਦਗੀ ਦੇ ਢੇਰਾਂ ਨੇ ਪਾਵਨ ਨਗਰੀ ਸ਼ਹਿਰ ਦੀ ਪਵਿੱਤਰਤਾ ਨੂੰ ਵੀ ਨਹੀਂ ਬਖ਼ਸ਼ਿਆ ਹੈ | ਸ਼ਹਿਰ ਦੇ ਅੰਦਰ ਵੀ ਪ੍ਰਮੁੱਖ ਧਾਰਮਿਕ ਸਥਾਨਾਂ ਤੇ ਵਿੱਦਿਆ ਮੰਦਰਾਂ ਦੇ ਅੱਗੇ ਗੰਦਗੀ ਦੇ ਢੇਰ ਆਮ ਹੀ ਵੇਖੇ ਜਾ ਸਕਦੇ ਹਨ | ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਨਗਰ ਕੌਂਸਲ ਤੇ ਸਾਰਾ ਦੋਸ਼ ਮੜ ਦਿੱਤਾ ਜਾਂਦਾ ਸੀ ਪਰੰਤੂ ਹੁਣ ਤਾਂ ਨਗਰ ਕੌਂਸਲਾਂ ਭੰਗ ਹੋ ਗਈਆਂ ਹਨ ਅਤੇ ਸਾਰਾ ਜ਼ਿੰਮਾ ਪ੍ਰਸ਼ਾਸਨ ਦੇ ਹੱਥ ਵਿਚ ਹੈ | ਸਿੱਖ ਧਾਰਮਿਕ ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਇਹ ਰਸਤਾ ਚਾਰ ਇਤਿਹਾਸਿਕ ਗੁਰਧਾਮਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਸ੍ਰੀ ਅੰਮਿ੍ਤਸਰ ਨੂੰ ਆਪਸ ਵਿਚ ਜੋੜਦਾ ਹੈ | ਇਸ ਲਈ ਇਸ ਮਾਰਗ ਤੋਂ ਜਲਦੀ ਕੂੜੇ ਦੇ ਢੇਰ ਹਟਾ ਕੇ ਅਤੇ ਕੂੜਾ ਸੁੱਟਣ ਤੇ ਪਾਬੰਦੀ ਲਗਾ ਕੇ ਸਜ਼ਾ ਯੋਗ ਸਖ਼ਤ ਨਿਯਮ ਬਣਾਇਆ ਜਾਵੇ | ਇਸ ਸਬੰਧੀ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਨੂੰ ਜਿੰਨਾ ਪਵਿੱਤਰ ਤੇ ਸੁੰਦਰ ਨਗਰ 550 ਸਾਲਾਂ ਗੁਰਪੁਰਬ ਮੌਕੇ ਕਾਂਗਰਸ ਸਰਕਾਰ ਸਮੇਂ ਮੇਰੇ ਵੱਲੋਂ ਬਣਾਇਆ ਗਿਆ ਸੀ ਪਰੰਤੂ ਬਦਕਿਸਮਤੀ ਨਾਲ ਸਰਕਾਰ ਅਤੇ ਨਗਰ ਕੌਂਸਲ ਦੀ ਲਾਪ੍ਰਵਾਹੀ ਕਾਰਨ ਅੱਜ ਇਹ ਪਵਿੱਤਰ ਨਗਰ ਗੰਦਗੀ ਦੇ ਢੇਰ, ਟੁੱਟੀਆਂ ਸੜਕਾਂ, ਸੀਵਰੇਜ ਓਵਰਫਲੋ ਨਾਲ ਜਾਣੀ ਜਾਂਦੀ ਹੈ ਜਿਸ ਕਰਕੇ ਹਰੇਕ ਸ਼ਰਧਾਲੂ ਦਾ ਫਿਰਦਾ ਵਲੂੰਧਰਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇ ਕੇ ਪਾਵਨ ਨਗਰੀ ਦੇ ਮੁੱਖ ਗੇਟਾਂ ਦੇ ਬਾਹਰ ਲੱਗੇ ਕੂੜੇ ਤੇ ਗੰਦਗੀ ਦੇ ਢੇਰਾਂ ਨੂੰ ਤੁਰੰਤ ਹਟਾਉਣਾ ਚਾਹੀਦਾ ਹੈ |