ਢਿਲਵਾਂ, 23 ਅਪ੍ਰੈਲ (ਪ੍ਰਵੀਨ ਕੁਮਾਰ)-ਜੀ.ਟੀ.ਰੋਡ ਬੱਸ ਅੱਡਾ ਢਿਲਵਾਂ ਵਿਖੇ ਜਲੰਧਰ ਦੀ ਤਰਫ਼ ਜਾਣ ਵਾਲੇ ਮੁਸਾਫ਼ਰਾਂ ਨੂੰ ਪੈ ਰਹੀ ਤੇਜ਼ ਗਰਮੀ ਚ ਸੜਕ ਕਿਨਾਰੇ ਖੜ੍ਹੇ ਹੋ ਕੇ ਬੱਸ ਦੀ ਉਡੀਕ ਕਰਨੀ ਪੈ ਰਹੀ ਹੈ | ਦੱਸਣਯੋਗ ਹੈ ਕਿ ਅੰਮਿ੍ਤਸਰ ਤੱਕ ਚਾਰ ਮਾਰਗੀ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਵਲੋਂ ਉਸ ਸਮੇਂ ਜੀ.ਟੀ.ਰੋਡ ਬੱਸ ਅੱਡਾ ਢਿਲਵਾਂ ਵਿਖੇ ਅੰਮਿ੍ਤਸਰ ਦੀ ਤਰਫ਼ ਜਾਣ ਵਾਲੇ ਮੁਸਾਫ਼ਰਾਂ ਲਈ ਪੱਕੇ ਬੱਸ ਸਟੈਂਡ ਦਾ ਨਿਰਮਾਣ ਕਰਵਾਇਆ ਸੀ ਪਰ ਉਕਤ ਕੰਪਨੀ ਵਲੋਂ ਜਲੰਧਰ ਨੂੰ ਜਾਣ ਵਾਲੇ ਮੁਸਾਫ਼ਰਾਂ ਲਈ ਕੋਈ ਵੀ ਬੱਸ ਸਟੈਂਡ ਨਹੀਂ ਬਣਾਇਆ ਗਿਆ ਤੇ ਮਜਬੂਰਨ ਮੁਸਾਫ਼ਰਾਂ ਨੂੰ ਸੜਕ ਕਿਨਾਰੇ ਖੜ੍ਹੇ ਹੋ ਕੇ ਬੱਸ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ |ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਅਥਾਰਿਟੀ ਦੇ ਅੰਮਿ੍ਤਸਰ ਦਫ਼ਤਰ ਅਧੀਨ ਟੋਲ ਪਲਾਜ਼ਾ ਢਿਲਵਾਂ ਸਮੇਤ ਉਕਤ ਬੱਸ ਅੱਡਾ ਵੀ ਆਉਂਦਾ ਹੈ ਪਰ ਪਿਛਲੇ ਕਰੀਬ 16 ਸਾਲਾਂ ਤੋਂ ਇੱਥੇ ਬੱਸ ਅੱਡੇ ਦਾ ਨਿਰਮਾਣ ਨਾ ਹੋਣ ਕਰਕੇ ਮਜਬੂਰਨ ਮੁਸਾਫ਼ਰਾਂ ਨੂੰ ਸੜਕ ਕਿਨਾਰੇ ਖੜੇ ਹੋ ਕੇ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਹੈ |ਇਸ ਸਬੰਧੀ ਰੋਜ਼ਾਨਾ ਆਉਣ ਜਾਣ ਵਾਲੇ ਮੁਸਾਫ਼ਰਾਂ ਦੀ ਨੈਸ਼ਨਲ ਹਾਈਵੇ ਅਥਾਰਿਟੀ ਪਾਸੋਂ ਪੁਰਜ਼ੋਰ ਮੰਗ ਹੈ ਕਿ ਜੀ.ਟੀ.ਰੋਡ ਬੱਸ ਅੱਡਾ ਢਿਲਵਾਂ ਵਿਖੇ ਜਲੰਧਰ ਦੀ ਤਰਫ਼ ਜਾਣ ਵਾਲੇ ਮੁਸਾਫ਼ਰਾਂ ਲਈ ਪੱਕੇ ਬੱਸ ਸਟੈਂਡ ਦਾ ਨਿਰਮਾਣ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇ |