ਕਪੂਰਥਲਾ, 23 ਅਪ੍ਰੈਲ (ਅਮਰਜੀਤ ਕੋਮਲ)-ਜ਼ਿਲ੍ਹੇ ਦੇ ਕੁੱਝ ਨਿੱਜੀ ਸਕੂਲਾਂ ਵਲੋਂ ਮਨਮਾਨੇ ਢੰਗ ਨਾਲ ਬੱਚਿਆਂ ਦੇ ਮਾਪਿਆਂ ਤੋਂ ਫ਼ੀਸਾਂ ਵਸੂਲਣ ਤੇ ਸਕੂਲਾਂ ਨਾਲ ਸੰਬੰਧਿਤ ਹੋਰ ਮੰਗਾਂ ਨੂੰ ਲੈ ਕੇ ਸ਼ੇਰੇ ਪੰਜਾਬ ਕਿਸਾਨ ਮਜ਼ਦੂਰ ਮੋਰਚਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਬੁਰਜ ਗਿੱਲ, ਧਨੇਰ ਗਰੁੱਪ, ਪੀ. ਕੇ. ਯੂ. ਬਾਗੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਧਰਨਾ ਦਿੱਤਾ | ਧਰਨੇ ਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਤੇ ਵਰਕਰਾਂ ਨੇ ਵੀ ਸਮਰਥਨ ਦਿੱਤਾ | ਰੋਹ 'ਚ ਆਏ ਧਰਨਾਕਾਰੀਆਂ ਨੇ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨਛੱਤਰ ਸਿੰਘ ਦੁਸਾਂਝ, ਗੁਰਦੀਪ ਸਿੰਘ ਭੰਡਾਲ, ਲਖਵਿੰਦਰ ਸਿੰਘ ਸਰਪੰਚ ਤੇ ਧਰਮਿੰਦਰ ਸਿੰਘ ਖਿਜਰਪੁਰ ਨੇ ਕਿਹਾ ਕਿ ਨਿੱਜੀ ਸਕੂਲਾਂ ਦੀਆਂ ਫ਼ੀਸਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ 'ਚ ਮਤਾ ਪਾਸ ਕਰਕੇ ਕਾਨੂੰਨ ਬਣਾਇਆ ਗਿਆ ਸੀ, ਜਿਸ ਨੂੰ ਫ਼ੀਸ ਰੈਗੂਲੇਟਰੀ ਐਕਟ 2016-17 ਦਾ ਨਾਂਅ ਦਿੱਤਾ ਗਿਆ ਸੀ ਪਰ 2017 ਤੋਂ ਲੈ ਕੇ ਅਪ੍ਰੈਲ 2026 ਤੱਕ ਇਕ ਵੀ ਮੀਟਿੰਗ ਰੈਗੂਲੇਟਰੀ ਬਾਡੀ ਵਲੋਂ ਨਹੀਂ ਕੀਤੀ ਗਈ | ਜਿਸ ਦੇ ਚੇਅਰਮੈਨ ਖ਼ੁਦ ਡਿਪਟੀ ਕਮਿਸ਼ਨਰ ਕਪੂਰਥਲਾ ਹਨ | ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਬੈਲੇਂਸ ਸੀਟਾਂ ਚੈੱਕ ਕਰਨ ਲਈ ਖ਼ਜ਼ਾਨੇ 'ਚੋਂ ਇਕ ਮੈਂਬਰ ਚਾਰਟਰਡ ਅਕਾਊਾਟੈਂਟ ਨਿਯੁਕਤ ਕੀਤਾ ਗਿਆ ਹੈ, ਜਦਕਿ ਫ਼ੀਸ ਰੈਗੂਲੇਟਰ ਅਥਾਰਿਟੀ ਨੂੰ 10 ਸਾਲਾਂ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਕੋਈ ਵੀ ਦਫ਼ਤਰ ਅਲਾਟ ਨਹੀਂ ਕੀਤਾ | ਧਰਨੇ ਤੋਂ ਬਾਅਦ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਨ ਲਈ ਐਸ. ਡੀ. ਐਮ. ਕਪੂਰਥਲਾ ਨੂੰ ਨਿਯੁਕਤ ਕੀਤਾ | ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਕਾਨੂੰਨ, ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਹਦਾਇਤਾਂ ਨੂੰ ਤੱਥਾਂ ਅਨੁਸਾਰ ਐਸ. ਡੀ. ਐਮ. ਦੇ ਸਾਹਮਣੇ ਰੱਖਿਆ | ਬਾਅਦ 'ਚ ਇਸ 'ਤੇ ਸਹਿਮਤੀ ਜਤਾਉਂਦਿਆਂ ਐਸ. ਡੀ. ਐਮ. ਨੇ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ 30 ਅਪ੍ਰੈਲ ਨੂੰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਪੈਨਲ ਮੀਟਿੰਗ ਦਾ ਸੱਦਾ ਦਿੱਤਾ ਗਿਆ | ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਖੀਰਾਂਵਾਲੀ, ਮਨਪ੍ਰੀਤ ਸਿੰਘ ਮੰਨਾ, ਸਰਪੰਚ ਲਖਵਿੰਦਰ ਸਿੰਘ, ਸਰਪੰਚ ਹਰਜੀਤ ਸਿੰਘ, ਪਰਮਜੀਤ ਸਿੰਘ ਭੁੱਲਰ, ਅੱਛਰ ਸਿੰਘ ਗਡਾਨਾ, ਲਵਪ੍ਰੀਤ ਸਿੰਘ ਮਿਆਣੀ, ਹਰਪਿੰਦਰ ਸਿੰਘ ਢਿੱਲੋਂ, ਚਰਨਜੀਤ ਸਿੰਘ ਕਪੂਰਥਲਾ, ਕਮਲਜੀਤ ਸਿੰਘ ਮਠਾੜੂ, ਗੁਰਮੀਤ ਸਿੰਘ ਭਗਵਾਨਪੁਰ, ਸੁਖਵਿੰਦਰ ਸਿੰਘ, ਡਾ. ਲਖਵਿੰਦਰ ਸਿੰਘ, ਮਲਕੀਤ ਸਿੰਘ ਭੰਡਾਲ, ਸੁੱਖਾ ਸਿੰਘ ਸਰਪੰਚ ਫੱਤੂਚੱਕ, ਜਸਵਿੰਦਰ ਸਿੰਘ ਸੁੰਨੜ, ਰਾਜਪਾਲ ਸਿੰਘ ਭੁੱਲਰ, ਬਾਬਾ ਮਲਕੀਤ ਸਿੰਘ ਆਦਿ ਹਾਜ਼ਰ ਸਨ |