ਭੁਲੱਥ, 25 ਅਪ੍ਰੈਲ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਵਿਖੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰੀ ਮੀਟਿੰਗ ਮਜ਼ਦੂਰ ਆਗੂ ਅਬਦੇਸ਼ ਯਾਦਵ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਇਕ ਮਈ ਨੂੰ ਮਜ਼ਦੂਰ ਦਿਵਸ ਮਨਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ | ਅਬਦੇਸ਼ ਯਾਦਵ ਨੇ ਕਿਹਾ ਕਿ ਬੇਸ਼ੱਕ ਕੇਂਦਰ ਜਾਂ ਪੰਜਾਬ ਸਰਕਾਰ ਵੱਧ ਰਹੀ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਅਸਮਰਥ ਨਜ਼ਰ ਆ ਰਹੀਆਂ ਹਨ, ਉਨ੍ਹਾਂ ਕਿਹਾ ਵੱਧ ਰਹੀ ਮਹਿੰਗਾਈ ਨੇ ਮਜ਼ਦੂਰ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ, ਰਸੋਈ ਗੈਸ ਦੇ ਰੇਟ ਵਧਣ ਕਰਕੇ ਗਰੀਬ ਲੋਕਾਂ ਨੂੰ ਗੈਸ ਸਿਲੰਡਰ ਨਹੀਂ ਮਿਲ ਰਹੇ | ਦੂਜੇ ਪਾਸੇ ਆਮ ਘਰੇਲੂ ਵਰਤੋਂ 'ਚ ਆਉਣ ਵਾਲੀਆਂ ਵਸਤਾਂ ਦੇ ਭਾਅ ਦਿਨ ਪ੍ਰਤੀ ਦਿਨ ਵੱਧ ਰਹੇ ਹਨ | ਮਹਿੰਗਾਈ ਘੱਟਣ ਦੀ ਬਜਾਏ ਵੱਧ ਰਹੀ ਹੈ ਤੇ ਸਭ ਤੋਂ ਵੱਧ ਮਹਿੰਗਾਈ ਦੀ ਮਾਰ ਆਮ ਗਰੀਬ ਲੋਕਾਂ ਨੂੰ ਪੈ ਰਹੀ ਹੈ | ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਵਾਸਤੇ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋਇਆ ਪਿਆ ਹੈ, ਦੂਜੇ ਪਾਸੇ ਬੇਰੁਜ਼ਗਾਰੀ, ਭਿ੍ਸ਼ਟਾਚਾਰੀ, ਰਿਸ਼ਵਤ ਖੋਰੀ ਵਧ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਹੁਕਮਰਾਨ ਸਰਕਾਰਾਂ ਵਲੋਂ ਆਮ ਮਜ਼ਦੂਰ ਵਰਗ ਦੇ ਲੋਕਾਂ ਦੀ ਤਰਾਸ਼ਦੀ ਵੱਲ ਧਿਆਨ ਨਾ ਦਿੱਤਾ ਗਿਆ, ਤਾਂ ਆਉਣ ਵਾਲੇ ਦਿਨਾਂ ਅੰਦਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ | ਇਸ ਮੌਕੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਕਮਰਾਏ, ਅਰਵਿੰਦਰ ਕੁਮਾਰ, ਅਖਿਲੇਸ਼ ਪਾਸਵਾਨ, ਸੁਰਿੰਦਰ ਕੁਮਾਰ, ਅਰਜਨ ਸਿੰਘ, ਗੁਰਿੰਦਰ ਕੁਮਾਰ ਮਹਿਤਾ, ਕਾਲ ਸ਼ਾਮ ਸ਼ਾਹ, ਪਹਿਲਾਦ ਕੁਮਾਰ, ਸੁਭਾਸ਼ ਤੇ ਹੋਰ ਹਾਜ਼ਰ ਸਨ |