ਕਪੂਰਥਲਾ, 25 ਅਪ੍ਰੈਲ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ 'ਚ ਵਿਸ਼ਵ ਧਰਤੀ ਦਿਵਸ ਸੰਬੰਧੀ ਕਾਲਜ ਦੇ ਈਕੋ ਕਲੱਬ ਤੇ ਐਨ. ਐਸ. ਐਸ. ਯੂਨਿਟ ਵਲੋਂ ਸਮਾਗਮ ਕਰਵਾਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋ. ਕੁਲਦੀਪ ਕੌਰ ਨੇ ਕਿਹਾ ਕਿ ਧਰਤੀ ਸਾਡਾ ਸਾਂਝਾ ਘਰ ਹੈ, ਇਸ ਦੀ ਸੰਭਾਲ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਰੋਜ਼ਾਨਾ ਜੀਵਨ ਵਿਚ ਵਾਤਾਵਰਨ ਮਿੱਤਰ ਆਦਤਾਂ ਅਪਣਾਉਣ, ਜਿਵੇਂ ਕਿ ਪਲਾਸਟਿਕ ਦੀ ਘੱਟ ਵਰਤੋਂ ਕਰਨ, ਪਾਣੀ ਦੀ ਬੱਚਤ ਕਰਨ ਤੋਂ ਇਲਾਵਾ ਵੱਧ ਤੋਂ ਵੱਧ ਬੂਟੇ ਲਗਾਏ ਜਾਣ | ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਦੀ ਈਕੋ ਕਲੱਬ ਤੇ ਐਨ. ਐਸ. ਐਸ. ਯੂਨਿਟ ਵਲੋਂ ਸਮਾਗਮ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਕੁਦਰਤ ਨਾਲ ਸਹੀ ਸੰਬੰਧ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ 'ਚ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਗਰਿਕ ਵੀ ਬਣਾਉਂਦੇ ਹਨ | ਸਮਾਗਮ ਦੌਰਾਨ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਰੱਖਿਆ, ਹਰਿਆਲੀ ਵਧਾਉਣ ਤੇ ਪ੍ਰਦੂਸ਼ਣ ਨੂੰ ਘਟਾਉਣ ਦਾ ਸੰਕਲਪ ਲਿਆ | ਸਮਾਗਮ 'ਚ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ |