ਭੁਲੱਥ, 26 ਅਪ੍ਰੈਲ (ਮਨਜੀਤ ਸਿੰਘ ਰਤਨ)-ਕਿਸਾਨਾਂ ਨੂੰ ਸਵੇਰੇ 9 ਵਜੇ ਤੋਂ ਦਿਨ ਦੇ ਸਮੇਂ ਅੱਠ ਘੰਟੇ ਬਿਜਲੀ ਦਿੱਤੀ ਜਾਵੇ ਕਿਉਂਕਿ ਮੱਕੀ, ਹਦਵਾਣਾ, ਖ਼ਰਬੂਜ਼ਾ ਤੇ ਹੋਰ ਮੌਸਮੀ ਸਬਜ਼ੀਆਂ ਗਰਮੀ ਵਧਣ ਕਾਰਨ ਪਾਣੀ ਦੀ ਮੰਗ ਵੱਧ ਗਈ ਹੈ | ਪਾਵਰਕਾਮ ਨੂੰ ਅਜਿਹੇ 'ਚ ਮੋਟਰਾਂ ਦੀ ਬਿਜਲੀ ਸਪਲਾਈ ਦਾ ਸਮਾਂ ਵਧਾ ਦੇਣਾ ਚਾਹੀਦਾ ਹੈ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਲਿੱਟਾਂ ਨੇ ਇਕ ਬਿਆਨ ਰਾਹੀਂ ਕੀਤਾ | ਉਨ੍ਹਾਂ ਕਿਹਾ ਕਿ ਹੁਣ ਕਣਕ ਦੀ ਕਟਾਈ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਦੱਸੇ ਕਿ ਝੋਨੇ ਦੀ ਪਨੀਰੀ ਕਿਹੜੀ ਕਿਸਮ ਦੀ ਲਾਉਣੀ ਹੈ ਤੇ ਕਿਸਾਨਾਂ ਨੂੰ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ, ਜੋ ਕੇਂਦਰ ਸਰਕਾਰ ਨੇ ਖ਼ਰੀਦਣੀ ਹੈ ਉਹ ਹੀ ਝੋਨੇ ਦੀ ਕਿਸਮ ਲਾਈ ਜਾਵੇ | ਉਨ੍ਹਾਂ ਇਹ ਵੀ ਕਿਹਾ ਕਿ ਜੋ ਟੁੱਟੇ ਖੰਭੇ ਹਨ ਜਾਂ ਢਿੱਲੀਆਂ ਤਾਰਾਂ ਹਨ ਉਹ ਪੈਡੀ ਸੀਜ਼ਨ ਤੋਂ ਪਹਿਲਾਂ ਠੀਕ ਕੀਤੀਆਂ ਜਾਣ | ਬਿਜਲੀ ਬੋਰਡ ਦਾ ਕਾਫ਼ੀ ਕੰਮ ਬੰਦ ਪਿਆ ਹੈ ਤੇ ਕੱਚੇ ਮੁਲਾਜ਼ਮ ਧਰਨੇ ਤੇ ਬੈਠੇ ਹਨ | ਬਿਜਲੀ ਬੋਰਡ ਦੇ ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਤੇ ਮਹਿੰਗਾਈ ਦੇ ਹਿਸਾਬ ਨਾਲ ਤਨਖ਼ਾਹ ਉਨ੍ਹਾਂ ਦੀ ਵਧਾਈ ਜਾਵੇ |