ਫਗਵਾੜਾ, 26 ਅਪ੍ਰੈਲ (ਹਰਜੋਤ ਸਿੰਘ ਚਾਨਾ)-ਸਦਰ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਹੈਰੋਇਨ ਤੇ ਡਰੱਗ ਮਨੀ ਬਰਾਮਦ ਕਰਕੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ | ਐਸ. ਪੀ. ਮਾਧਵੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਮੁਹੱਲਾ ਹਾਜੀਪੁਰ ਤੋਂ ਪਿੰਡ ਭੁੱਲਾਰਾਈ ਪੁੱਜੀ ਤਾਂ ਇਕ ਨੌਜਵਾਨ ਉਨ੍ਹਾਂ ਨੂੰ ਦੇਖ ਕੇ ਘਰ ਦੀ ਬਿਲਡਿੰਗ 'ਚ ਵੜਨ ਲੱਗਾ ਜਿਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲੈਣ 'ਤੇ ਉਸ ਪਾਸੋਂ 90 ਗ੍ਰਾਮ ਹੈਰੋਇਨ ਤੇ 13 ਹਜ਼ਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ | ਇਸੇ ਤਰ੍ਹਾਂ ਸਤਨਾਮਪੁਰਾ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 40 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਚਹੇੜੂ ਚੌਕੀ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਅ ਗੇਟ ਲਾਗਿਉਂ ਕੁਲਵੀਰ ਸਿੰਘ ਉਰਫ਼ ਹੈਪੀ ਪੁੱਤਰ ਜਗਦੇਵ ਸਿੰਘ ਵਾਸੀ ਪਿੰਡ ਜਵੱਧੀ ਕਲਾਂ ਨੂੰ ਕਾਬੂ ਕਰਕੇ ਗੋਲੀਆਂ ਬਰਾਮਦ ਕੀਤੀਆਂ ਹਨ | ਇਸੇ ਤਰ੍ਹਾਂ ਰਾਵਲਪਿੰਡੀ ਪੁਲਿਸ ਨੇ ਨਸ਼ੇ ਦਾ ਸੇਵਨ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਕੇਸ ਦਰਜ ਕੀਤਾ ਹੈ | ਐਸ. ਪੀ. ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਢੰਡੋਲੀ ਦੇ ਦਰਖਤਾਂ ਹੇਠਾਂ ਬੈਠ ਕੇ ਉਕਤ ਨੌਜਵਾਨ ਨਸ਼ੇ ਦਾ ਸੇਵਨ ਕਰ ਰਹੇ ਹਨ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਗਗਨਦੀਪ ਕੁਮਾਰ ਤੇ ਮਨਦੀਪ ਕੁਮਾਰ ਪੁੱਤਰਾਨ ਆਸਾ ਰਾਮ ਵਾਸੀਆਨ ਮਲਕਪੁਰ ਨੂੰ ਕਾਬੂ ਕੀਤਾ ਹੈ |