ਸੁਲਤਾਨਪੁਰ ਲੋਧੀ, 26 ਅਪ੍ਰੈਲ (ਨਰੇਸ਼ ਹੈਪੀ)-ਜ਼ਿਲ੍ਹਾ ਕਪੂਰਥਲਾ 'ਚ ਨਸ਼ਿਆਂ ਦੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਸੁਲਤਾਨਪੁਰ ਲੋਧੀ ਤੋਂ ਡੇਢ ਕਿੱਲੋਮੀਟਰ ਦੂਰੀ 'ਤੇ ਸਥਿਤ ਪਿੰਡ ਗਾਜੀਪੁਰ ਦੇ ਇੱਕੋ ਪਰਿਵਾਰ 'ਚ ਛੇ ਮਹੀਨਿਆਂ ਅੰਦਰ ਹੋਈ ਦੂਜੇ ਨੌਜਵਾਨ ਪੁੱਤ ਦੀ ਮੌਤ ਨੇ ਸਾਰੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ | ਅਜੇ ਮੁਹੱਲਾ ਪੰਡੋਰੀ ਵਿਚ ਇਕ ਹੀ ਪਰਿਵਾਰ ਦੇ 5 ਪੁੱਤਰਾਂ ਦੀ ਨਸ਼ਿਆਂ ਨਾਲ ਹੋਈ ਮੌਤ ਦੀ ਖ਼ਬਰ ਦੀ ਸਿਆਹੀ ਹਾਲੇ ਪੂਰੀ ਸੁੱਕੀ ਵੀ ਨਹੀਂ ਸੀ ਤਾਂ ਪਿੰਡ ਰਾਏਪੁਰ ਰਾਈਆਂ 'ਚ ਨਸ਼ਿਆਂ ਕਾਰਨ ਤਿੰਨ ਮੌਤਾਂ ਅਤੇ ਅੱਜ ਨਸ਼ੇ ਕਾਰਨ ਹੋਈ ਨੌਜਵਾਨ ਬਲਜੀਤ ਦੀ ਮੌਤ ਨਾਲ ਪਰਿਵਾਰ ਦਾ ਸਹਾਰਾ ਟੁੱਟ ਗਿਆ | ਮਿ੍ਤਕ ਬਲਜੀਤ ਦੀ ਰੋਂਦੀ ਹੋਈ ਮਾਤਾ ਰਾਜੀ, ਪਿਤਾ ਲਖਵਿੰਦਰ ਸਿੰਘ ਤੇ ਭੈਣ ਜੋਤੀ ਦੇ ਹੰਝੂ ਰੁਕਣ ਦਾ ਨਾਂਅ ਨਹੀਂ ਸੀ ਲੈ ਰਹੇ ਸਨ | ਮਿ੍ਤਕ ਦੀ ਮਾਂ ਨੇ ਕਿਹਾ ਕਿ ਪਤਾ ਨਹੀਂ ਇਹ ਮੌਤਾਂ ਦਾ ਸੱਥਰ ਹੋਰ ਕਿੰਨੇ ਕੁ ਨੌਜਵਾਨਾਂ ਦੀ ਮੌਤ 'ਤੇ ਰੁਕੇਗਾ | ਬਲਜੀਤ ਦੀ ਮਾਤਾ ਨੇ ਦੱਸਿਆ ਕਿ ਮੇਰੇ ਕੋਲ ਬੀਤੇ ਦਿਨ ਦੁਪਹਿਰ ਨੂੰ 3 ਵਜੇ ਦੇ ਕਰੀਬ 200 ਰੁਪਏ ਕਟਿੰਗ ਕਰਵਾਉਣ ਲਈ ਲੈ ਕੇ ਗਿਆ ਸੀ | ਉਸ ਨੇ ਦੱਸਿਆ ਕਿ ਜਦੋਂ ਰਾਤ ਤੱਕ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ ਤੇ ਅੱਜ ਸਵੇਰੇ ਜਦੋਂ ਮੇਰਾ ਭਤੀਜਾ ਤੇ ਪਤੀ ਮੋਠਾਂਵਾਲਾ ਚੌਂਕੀ ਗਏ ਤਾਂ ਉਥੇ ਪੁਲਿਸ ਨੇ ਦੱਸਿਆ ਕਿ ਸਾਨੂੰ ਇਥੇ ਇਕ ਨਜ਼ਦੀਕ ਪੀਰਾਂ ਦੀ ਜਗ੍ਹਾ ਤੋਂ ਇਕ ਲਾਸ਼ ਮਿਲੀ ਹੈ, ਜਿਸ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਮੋਰਚਰੀ ਵਿਚ ਰੱਖਿਆ ਹੈ | ਪੁਲਿਸ ਵਲੋਂ ਉਸ ਦੀ ਫ਼ੋਟੋ ਵਿਖਾਉਣ ਤੇ ਅਸੀਂ ਸ਼ਨਾਖ਼ਤ ਬਲਜੀਤ ਦੀ ਕੀਤੀ, ਜਿਸ 'ਤੇ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਸਾਡੇ ਹਵਾਲੇ ਕੀਤੀ ਹੈ | ਮਿ੍ਤਕ ਦੀ ਭੈਣ ਜੋਤੀ ਨੇ ਦੱਸਿਆ ਕਿ ਵੱਡੇ ਭਰਾ ਗਗਨਦੀਪ ਦੀ ਵੀ ਕਰੀਬ 6 ਮਹੀਨੇ ਪਹਿਲਾਂ 19 ਸਤੰਬਰ 2025 ਨੂੰ ਨਸ਼ਿਆਂ ਕਾਰਨ ਮੌਤ ਹੋਈ ਸੀ ਤੇ ਅੱਜ ਛੋਟੇ ਭਰਾ ਨੂੰ ਵੀ ਨਸ਼ਿਆਂ ਦੇ ਦੈਂਤ ਨੇ ਖਾ ਲਿਆ ਹੈ | ਗਾਜੀਪੁਰ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਸਰਕਾਰ ਤੋਂ ਨਸ਼ਿਆਂ ਦੇ ਇਸ ਕੋਹੜ ਨੂੰ ਜਲਦ ਖ਼ਤਮ ਕਰਨ ਦੀ ਮੰਗ ਕੀਤੀ | ਇਸ ਸੰਬੰਧੀ ਥਾਣਾ ਸੁਲਤਾਨਪੁਰ ਲੋਧੀ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਪਿੰਡ ਲਾਟੀਆਂਵਾਲ ਤੋਂ ਸੇਚਾਂ ਦੇ ਕੱਚੇ ਰਸਤੇ ਇਕ ਪੀਰਾਂ ਦੀ ਜਗ੍ਹਾ ਨਜ਼ਦੀਕ ਸਾਨੂੰ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਵਿਰੁੱਧ ਮੁਹਿੰਮ 'ਚ ਅਸੀਂ ਇਸ ਮਹੀਨੇ ਵਿਚ 100 ਤੋਂ ਵੱਧ ਨਸ਼ਾ ਪੀੜਤ ਨੌਜਵਾਨਾਂ ਨੂੰ ਸੈਂਟਰਾਂ ਵਿਚ ਭੇਜਿਆ ਹੈ ਤੇ ਨਸ਼ਾ ਵੇਚਣ ਵਾਲਿਆਂ ਦੇ ਖ਼ਿਲਾਫ਼ ਵੀ ਮੁਕੱਦਮੇ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਦੀਆਂ ਸਲਾਖ਼ਾਂ ਪਿੱਛੇ ਸੁੱਟਿਆ ਹੈ |