ਸੁਲਤਾਨਪੁਰ ਲੋਧੀ, 1 ਮਈ (ਥਿੰਦ)-ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਦੀ ਅਗਵਾਈ ਹੇਠ ਮੰਡ ਇਲਾਕੇ ਵਿਚ ਸੰਭਾਵਿਤ ਹੜ੍ਹਾਂ ਦੌਰਾਨ ਪਹਿਲਾਂ ਤੋਂ ਬਚਾਓ ਸਬੰਧੀ ਰੂਪ ਰੇਖਾ ਤਿਆਰ ਕਰਨ ਲਈ ਵਿਸ਼ੇਸ਼ ਬੈਠਕ ਕੀਤੀ ਗਈ | ਇਸ ਦੌਰਾਨ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਸੰਭਾਵਿਤ ਹੜ੍ਹਾਂ ਤੋਂ ਬਚਾਓ ਸਬੰਧੀ ਪਹਿਲਾਂ ਤੋਂ ਪੁਖ਼ਤਾ ਇੰਤਜ਼ਾਮ ਕੀਤੇ ਜਾਣ | ਪਹਿਲਾਂ ਤੋਂ ਹੀ ਜ਼ਮੀਨੀ ਪੱਧਰ ਤੇ ਅਧਿਕਾਰੀ ਸਾਹਿਬਾਨ ਸੰਭਾਵਿਤ ਹੜ੍ਹਾਂ ਵਾਲੇ ਸਥਾਨਾਂ ਤੇ ਜਾ ਕੇ ਮੁੱਢਲੀ ਤਿਆਰੀਆਂ ਕਰਕੇ ਰੂਪ ਰੇਖਾ ਬਣਾ ਲੈਣ ਕਿ ਜੇਕਰ ਹੜ੍ਹਾਂ ਵਰਗੀ ਕੋਈ ਸਥਿਤੀ ਬਣਦੀ ਹੈ ਤਾਂ ਕਿਵੇਂ ਯੋਜਨਾ ਅਨੁਸਾਰ ਤਰੀਕੇ ਦੇ ਨਾਲ ਬਚਾਓ ਸਬੰਧੀ ਕਾਰਜ ਕੀਤੇ ਜਾਣਗੇ | ਇਸ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਜ਼ਿਲੇ੍ਹ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਿਆਸ ਦਰਿਆ ਦੇ ਐਡਵਾਂਸ ਬੰਨ੍ਹ ਦਾ ਦੌਰਾ ਕਰਕੇ ਸੰਵੇਦਨਸ਼ੀਲ ਖੇਤਰਾਂ ਦਾ ਵੀ ਜਾਇਜ਼ਾ ਲਿਆ | ਉਨ੍ਹਾਂ ਨੇ ਪੱਥਰ ਲਗਾ ਕੇ ਮਜ਼ਬੂਤ ਕੀਤੇ ਜਾ ਰਹੇ ਐਡਵਾਂਸ ਬੰਨ੍ਹ ਦੇ ਸੰਵੇਦਨਸ਼ੀਲ ਹਿੱਸੇ ਦਾ ਵੀ ਜਾਇਜ਼ਾ ਲਿਆ | ਇੱਥੋਂ ਆਹਲੀ ਖ਼ੁਰਦ ਦੇ ਰਕਬੇ ਵਿਚ ਪਿਛਲੇ ਸਾਲ ਅਗਸਤ ਵਿਚ ਬੰਨ੍ਹ ਟੁੱਟਣ ਨਾਲ ਵੱਡੇ ਪੱਧਰ 'ਤੇ ਝੋਨੇ ਦੀ ਪੱਕੀ ਫ਼ਸਲ ਤਬਾਹ ਹੋ ਗਈ ਸੀ | ਉਨ੍ਹਾਂ ਨੇ ਅਧਿਕਾਰੀ ਸਾਹਿਬਾਨਾਂ ਨੂੰ ਲਗਾਤਾਰ ਇਸ ਖੇਤਰ ਦਾ ਸਮੇਂ ਸਮੇਂ ਤੇ ਜਾਇਜ਼ਾ ਲੈਣ ਸਬੰਧੀ ਨਿਰਦੇਸ਼ ਦਿੱਤੇ | ਇਸ ਤੋਂ ਪਹਿਲਾਂ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਚ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਮੰਡ ਇਲਾਕੇ ਦੀਆਂ ਪੰਚਾਇਤਾਂ ਨੂੰ ਵੀ ਬੁਲਾਇਆ ਗਿਆ ਸੀ | ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨੇ ਪਿਛਲੇ ਸਾਲ ਅਗਸਤ ਮਹੀਨੇ ਵਿਚ ਆਏ ਹੜ੍ਹਾਂ ਦੌਰਾਨ ਹੋਏ ਨੁਕਸਾਨ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ | ਇਸ ਦੌਰਾਨ ਆਹਲੀ ਕਲਾਂ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਕਰਮੂੰਵਾਲ ਪੱਤਣ 'ਤੇ ਪੱਥਰ ਲਗਾਉਣ ਸਬੰਧੀ ਜਾਣਕਾਰੀ ਦਿੱਤੀ | ਵਿਭਾਗ ਨੇ ਆਹਲੀ ਖ਼ੁਰਦ ਤੋਂ ਅੱਲੂਵਾਲ ਤੱਕ ਦੋ ਬੁਰਜੀਆਂ 'ਤੇ ਮਿੱਟੀ ਪਾਉਣ ਦੇ ਕੰਮ ਸਬੰਧੀ ਵੀ ਚਰਚਾ ਕੀਤੀ ਗਈ | ਮੀਟਿੰਗ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਸ਼ਹਿਰ ਦੇ ਅੰਦਰਲੀਆਂ ਸੜਕਾਂ ਦੇ ਕੰਮ, ਸ਼ਹਿਰ ਦੀ ਸਫ਼ਾਈ, ਨਜਾਇਜ਼ ਕਬਜ਼ਿਆਂ, ਅਪਰਾਧਿਕ ਘਟਨਾਵਾਂ ਤੇ ਠੱਲ੍ਹ ਪਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਉਣ ਸਬੰਧੀ ਗੱਲ ਰੱਖੀ ਗਈ ਜਿਸ ਤੇ ਡਿਪਟੀ ਕਮਿਸ਼ਨਰ ਨੇ ਸੰਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ | ਇਸ ਮੌਕੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਐਸ.ਡੀ.ਐਮ. ਅਮਨਪਾਲ ਸਿੰਘ, ਸਬ ਰਜਿਸਟਰਾਰ ਗੁਰਵਿੰਦਰ ਸਿੰਘ ਵਿਰਕ, ਸਟੈਨੋ ਜਗਦੀਸ਼ ਲਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ |