ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਵਿਚੋਂ ਕਣਕ ਦੀ ਧੀਮੀ ਰਫ਼ਤਾਰ ਨਾਲ ਲਿਫ਼ਟਿੰਗ ਹੋਣ ਕਾਰਨ ਲੱਗੇ ਬੋਰੀਆਂ ਦੇ ਅੰਬਾਰ <br/>
ਅਜੀਤ ਡੈਸਕ
03-05-2026
ਵੱਖ-ਵੱਖ ਏਜੰਸੀਆਂ ਦਾ ਮਾਲ ਮੰਡੀਆਂ ਵਿਚੋਂ ਚੁੱਕ ਕੇ ਸ਼ੈਲਰਾਂ ਵਿਚ ਲਗਾਇਆ ਗਿਆ ਹੈ, ਪਰ ਅਜੇ ਵੀ ਮੰਡੀਆਂ ਵਿਚ ਕਣਕ ਦੀਆਂ ਬੋਰੀਆਂ ਦੇ ਚੱਕੇ ਲੱਗੇ ਹੋਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹੇ ਦੀਆਂ ਮੰਡੀਆਂ ਵਿਚੋਂ 13 ਹਜ਼ਾਰ ਮੀਟਰਿਕ ਟਨ ਤੋਂ ਵੱਧ ਕਣਕ ਦੀ ਚੁਕਾਈ ਹੋਈ | ਇੱਥੇ ਵਰਨਣਯੋਗ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ 353184 ਮੀਟਰਿਕ ਟਨ ਕਣਕ ਸਰਕਾਰੀ ਖ਼ਰੀਦ ਏਜੰਸੀਆਂ ਵਲੋਂ ਖ਼ਰੀਦੀ ਗਈ ਹੈ ਤੇ ਖ਼ਰੀਦੀ ਗਈ ਇਸ ਕਣਕ ਵਿਚੋਂ 2 ਲੱਖ 12 ਹਜ਼ਾਰ ਮੀਟਰਿਕ ਟਨ ਤੋਂ ਵੱਧ ਕਣਕ ਦੀ ਚੁਕਾਈ ਹੋਈ ਹੈ | ਪ੍ਰਾਪਤ ਸੂਚਨਾ ਅਨੁਸਾਰ ਕਪੂਰਥਲਾ ਦੀ ਮੁੱਖ ਮੰਡੀ ਵਿਚ ਵੀ ਬੋਰੀਆਂ ਦੇ ਚੱਕੇ ਲੱਗੇ ਹੋਏ ਹਨ | ਇਸੇ ਤਰ੍ਹਾਂ ਫਗਵਾੜਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਢਿਲਵਾਂ ਦੀਆਂ ਮੁੱਖ ਮੰਡੀਆਂ ਵਿਚ ਲਿਫ਼ਟਿੰਗ ਬਹੁਤ ਹੀ ਧੀਮੀ ਰਫ਼ਤਾਰ ਨਾਲ ਹੋ ਰਹੀ ਹੈ, ਜੇ ਲਿਫ਼ਟਿੰਗ ਦੇ ਕੰਮ ਵਿਚ ਤੇਜੀ ਨਾ ਆਈ ਤਾਂ ਮੰਡੀਆਂ ਵਿਚ ਪਈ ਕਣਕ ਨੂੰ ਚੁੱਕਣ ਲਈ ਅਜੇ ਕੁੱਝ ਦਿਨ ਲੱਗਣਗੇ | ਜਿੱਥੋਂ ਤੱਕ ਪੇਂਡੂ ਖੇਤਰਾਂ ਦੀਆਂ ਮੰਡੀਆਂ ਦਾ ਸਵਾਲ ਹੈ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਛੋਟੀਆਂ ਮੰਡੀਆਂ ਵਿਚੋਂ ਸਰਕਾਰੀ ਏਜੰਸੀਆਂ ਵਲੋਂ ਖ਼ਰੀਦਿਆ ਗਿਆ ਮਾਲ ਚੁੱਕ ਕੇ ਸ਼ੈਲਰਾਂ ਵਿਚ ਲਾਇਆ ਚੁੱਕਾ ਹੈ | ਦੱਸਿਆ ਜਾਂਦਾ ਹੈ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਜਿਹੜੇ ਵਿਅਕਤੀਆਂ ਨੇ ਕਣਕ ਦੀ ਢੋਆ ਢੁਆਈ ਦੇ ਠੇਕੇ ਲਏ ਹਨ, ਉਨ੍ਹਾਂ ਕੋਲ ਗੱਡੀਆਂ ਦਾ ਲੋੜੀਂਦਾ ਪ੍ਰਬੰਧ ਨਾ ਹੋਣ ਕਾਰਨ ਮੰਡੀਆਂ ਵਿਚੋਂ ਖ਼ਰੀਦੀ ਗਈ ਕਣਕ ਦੀ ਲਿਫ਼ਟਿੰਗ ਦਾ ਕੰਮ ਪ੍ਰਭਾਵਿਤ ਹੋਇਆ ਹੈ | ਕਣਕ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਮੰਡੀਆਂ ਵਿਚੋਂ ਕਣਕ ਦੀ ਲਿਫ਼ਟਿੰਗ ਦੇ ਕੰਮ ਵਿਚ ਤੇਜੀ ਨਹੀਂ ਆਈ | ਕੁੱਝ ਆੜ੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਆਪਣੇ ਸਾਧਨਾਂ ਰਾਹੀਂ ਕਣਕ ਮੰਡੀਆਂ ਦੇ ਫੜਾਂ ਵਿਚੋਂ ਚੁੱਕ ਕੇ ਸ਼ੈਲਰਾਂ ਵਿਚ ਲਾਈ ਹੈ | ਉਨ੍ਹਾਂ ਕਿਹਾ ਕਿ ਨਿਯਮਾਂ ਅਨੁਸਾਰ ਮੰਡੀ ਵਿਚੋਂ ਆੜ੍ਹਤੀਆਂ ਨੇ ਖ਼ਰੀਦੀ ਗਈ ਕਣਕ ਠੇਕੇਦਾਰ ਦੀਆਂ ਗੱਡੀਆਂ ਵਿਚ ਲਦਾਉਣੀ ਹੁੰਦੀ ਹੈ ਤੇ ਸਟੋਰ ਜਾਂ ਹੋਰ ਕਿਸੇ ਥਾਂ 'ਤੇ ਜਿੱਥੇ ਸਰਕਾਰੀ ਏਜੰਸੀ ਦਾ ਮਾਲ ਲੱਗਣਾ ਹੋਵੇ, ਉੱਥੇ ਠੇਕੇਦਾਰ ਦੀ ਲੇਬਰ ਮਾਲ ਗੱਡੀਆਂ ਵਿਚੋਂ ਉਤਾਰਦੀ ਹੈ ਤੇ ਹੁਣ ਇਹ ਦੋਵੇਂ ਕੰਮ ਆੜ੍ਹਤੀਆਂ ਨੂੰ ਮਜਬੂਰੀ ਵੱਸ ਕਰਨੇ ਪੈ ਰਹੇ ਹਨ | ਜ਼ਿਲ੍ਹੇ ਦੀਆਂ ਮੰਡੀਆਂ ਵਿਚੋਂ ਸਭ ਤੋਂ ਵੱਧ 96389 ਮੀਟਰਿਕ ਟਨ ਕਣਕ ਦੀ ਖ਼ਰੀਦ ਮਾਰਕਫੈੱਡ ਵਲੋਂ ਕੀਤੀ ਗਈ ਹੈ ਤੇ ਪਨਸਪ 89386 ਮੀਟਰਿਕ ਟਨ ਕਣਕ ਦੀ ਖ਼ਰੀਦ ਕਰਕੇ ਦੂਜੇ ਸਥਾਨ 'ਤੇ ਰਹੀ ਹੈ | ਇਸੇ ਤਰ੍ਹਾਂ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਨੇ 65777 ਮੀਟਰਿਕ ਟਨ, ਪਨਗਰੇਨ ਨੇ 81260 ਮੀਟਰਿਕ ਟਨ ਤੇ ਪਨਗਰੇਨ (ਡੀ.ਸੀ.ਪੀ.) ਨੇ 19112 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ | ਜਿੱਥੋਂ ਤੱਕ ਕਣਕ ਦੀ ਲਿਫ਼ਟਿੰਗ ਦਾ ਸਵਾਲ ਹੈ, ਮਾਰਕਫੈੱਡ ਤੇ ਪਨਸਪ ਵਲੋਂ ਖ਼ਰੀਦੀ ਗਈ ਕਣਕ ਵਿਚੋਂ 60 ਪ੍ਰਤੀਸ਼ਤ ਤੋਂ ਵੱਧ ਕਣਕ ਦੀ ਮੰਡੀਆਂ ਵਿਚੋਂ ਚੁੱਕੀ ਗਈ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਵਾਰ ਜ਼ਿਲ੍ਹੇ ਵਿਚ 311155 ਮੀਟਰਿਕ ਟਨ ਕਣਕ ਦੀ ਆਮਦ ਦਾ ਟੀਚਾ ਮਿਥਿਆ ਗਿਆ ਸੀ, ਬੇਮੌਸਮੀ ਬਾਰਿਸ਼ਾਂ ਦੇ ਬਾਵਜੂਦ ਵੀ ਜ਼ਿਲ੍ਹੇ ਵਿਚ ਮਿਥੇ ਟੀਚੇ ਨੂੰ ਪਾਰ ਕਰਦਿਆਂ ਮੰਡੀਆਂ ਵਿਚ 353184 ਮੀਟਰਿਕ ਟਨ ਕਣਕ ਦੀ ਆਮਦ ਹੋਈ ਹੈ, ਜੋ ਇਕ ਰਿਕਾਰਡ ਹੈ |
ਮਾਰਕੀਟ ਕਮੇਟੀ ਭੁਲੱਥ ਅਧੀਨ ਆਉਂਦੀਆਂ ਮੰਡੀਆਂ ਵਿਚ ਕੁੱਲ 30 ਪ੍ਰਤੀਸ਼ਤ ਹੋਈ ਲਿਫ਼ਟਿੰਗ
ਭੁਲੱਥ, (ਮਨਜੀਤ ਸਿੰਘ ਰਤਨ)-ਮਾਰਕੀਟ ਕਮੇਟੀ ਭੁਲੱਥ ਅਧੀਨ ਆਉਂਦੀਆਂ ਅੱਠ ਦਾਣਾ ਮੰਡੀਆਂ ਵਿਚ ਹੁਣ ਤੱਕ 30 ਪ੍ਰਤੀਸ਼ਤ ਲਿਫ਼ਟਿੰਗ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦਾਣਾ ਮੰਡੀ ਭੁਲੱਥ ਵਿਚ 40 ਪ੍ਰਤੀਸ਼ਤ ਲਿਫ਼ਟਿੰਗ ਹੋ ਚੁੱਕੀ ਹੈ ਜਦ ਕਿ 60 ਪ੍ਰਤੀਸ਼ਤ ਅਜੇ ਲਿਫ਼ਟਿੰਗ ਬਾਕੀ ਹੈ | ਇਸੇ ਤਰਾਂ ਦਾਣਾ ਮੰਡੀ ਨਡਾਲਾ ਵਿਚ 26 ਪ੍ਰਤੀਸ਼ਤ ਲਿਫ਼ਟਿੰਗ ਹੋ ਚੁੱਕੀ ਹੈ, ਜਦਕਿ 74 ਪ੍ਰਤੀਸ਼ਤ ਬਾਕੀ ਹੈ | ਦਾਣਾ ਮੰਡੀ ਬੇਗੋਵਾਲ 33 ਪ੍ਰਤੀਸ਼ਤ ਲਿਫ਼ਟਿੰਗ ਹੋਈ ਹੈ ਤੇ 67 ਪ੍ਰਤੀਸ਼ਤ ਬਾਕੀ ਹੈ | ਦਾਣਾ ਮੰਡੀ ਇਬਰਾਹੀਮਵਾਲ ਵਿਚ 50 ਪ੍ਰਤੀਸ਼ਤ ਪ੍ਰਤੀਸ਼ਤ ਲਿਫ਼ਟਿੰਗ ਹੋਈ, ਜਦਕਿ 50 ਪ੍ਰਤੀਸ਼ਤ ਬਾਕੀ ਹੈ | ਚੌਕ ਬਜਾਜ ਵਿਚ 16 ਪ੍ਰਤੀਸ਼ਤ ਲਿਫ਼ਟਿੰਗ ਹੋਈ 84 ਪ੍ਰਤੀਸ਼ਤ ਬਾਕੀ, ਬਰਿਆਰ ਵਿਚ 21 ਪ੍ਰਤੀਸ਼ਤ ਲਿਫ਼ਟਿੰਗ ਹੋਈ ਜਦਕਿ 79 ਪ੍ਰਤੀਸ਼ਤ ਬਾਕੀ, ਦਾਣਾ ਮੰਡੀ ਖੱਸਣ ਵਿਚ 14ਪ੍ਰਤੀਸ਼ਤ ਹੋਈ, ਜਦਕਿ 86 ਪ੍ਰਤੀਸ਼ਤ ਬਾਕੀ ਹੈ, ਦਾਣਾ ਮੰਡੀ ਰਾਮਗੜ੍ਹ ਵਿਚ 13 ਪ੍ਰਤੀਸ਼ਤ ਲਿਫ਼ਟਿੰਗ ਹੋ ਚੁੱਕੀ ਹੈ ਅਤੇ 87 ਪ੍ਰਤੀਸ਼ਤ ਲਿਫ਼ਟਿੰਗ ਹੋਣ ਵਾਲੀ ਰਹਿੰਦੀ ਹੈ | ਕੁੱਲ ਮਿਲਾ ਕੇ ਸਾਰੀਆਂ ਦਾਣਿਆਂ ਮੰਡੀਆਂ ਵਿਚ 30 ਪ੍ਰਤੀਸ਼ਤ ਲਿਫ਼ਟਿੰਗ ਹੋ ਚੁੱਕੀ ਹੈ, ਜਦਕਿ 70 ਪ੍ਰਤੀਸ਼ਤ ਲਿਫ਼ਟਿੰਗ ਹੋਣ ਵਾਲੀ ਰਹਿੰਦੀ ਹੈ