ਕਪੂਰਥਲਾ, 2 ਮਈ (ਵਿ.ਪ੍ਰ.)-ਪੰਜਾਬ ਪ੍ਰਾਈਵੇਟ ਸੈਕਟਰ ਲੇਬਰ ਯੂਨੀਅਨ ਰਜਿ. ਵਲੋਂ ਮਜ਼ਦੂਰ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸ਼ਿਕਾਗੋ ਵਿਚ ਸ਼ਹੀਦ ਹੋਏ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਕਿਹਾ ਕਿ ਮਜ਼ਦੂਰ ਸਮਾਜ ਦੀ ਰੀੜ੍ਹ ਦੀ ਹੱਡੀ ਹਨ, ਜੋ ਸਮਰਪਣ ਦੀ ਭਾਵਨਾ ਨਾਲ ਕੰਮ ਕਰਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾ ਰਹੇ ਹਨ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਬਿਨ੍ਹਾਂ ਸਮਾਜ ਦੀ ਤਰੱਕੀ ਅਸੰਭਵ ਹੈ | ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਮਜ਼ਦੂਰਾਂ ਦੀ ਭਲਾਈ ਦੇ ਨਾਲ ਨਾਲ ਉਨ੍ਹਾਂ ਦੀ ਉਜਰਤ ਵਿਚ ਵੀ ਵਾਧਾ ਕਰੇ ਤਾਂ ਜੋ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਪਰਿਵਾਰ ਪਾਲ ਸਕਣ | ਇਸ ਮੌਕੇ ਯੂਨੀਅਨ ਦੇ ਸੂਬਾਈ ਪ੍ਰਧਾਨ ਸਤਪਾਲ ਸਿੰਘ ਫ਼ੌਜੀ, ਨਿਰਮਲ ਨਾਹਰ, ਸੂਬਾਈ ਚੇਅਰਮੈਨ ਮਹਿੰਦਰ ਸਿੰਘ ਬਲੇਰ, ਭਾਜਪਾ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ, ਸੋਨੂੰ ਔਜਲਾ, ਲੱਕੀ ਸਰਪੰਚ ਨੇ ਵੀ ਮਜ਼ਦੂਰ ਦਿਵਸ 'ਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਦਿਵਾਉਣ ਦਾ ਸੰਕਲਪ ਲਿਆ |