ਕਪੂਰਥਲਾ, 2 ਮਈ (ਅਮਰਜੀਤ ਕੋਮਲ)-ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ ਚੰਡੀਗੜ੍ਹ ਵਲੋਂ ਸਾਲ 2026-27 ਦੇ ਵਿੱਦਿਅਕ ਸੈਸ਼ਨ ਲਈ ਬਾਸਕਿਟਬਾਲ (ਲੜਕੇ) ਦੇ ਹੋਣਹਾਰ ਖਿਡਾਰੀਆਂ ਦੇ ਚੋਣ ਟਰਾਇਲ ਜ਼ਿਲ੍ਹਾ ਸਬ ਸੈਂਟਰ ਆਫ ਐਕਸੀਲੈਂਸ ਪਿੰਡ ਦਬੂਲੀਆ ਤੇ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ 9 ਤੇ 10 ਮਈ ਨੂੰ ਕਰਵਾਏ ਜਾ ਰਹੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਨੇ ਦੱਸਿਆ ਕਿ ਇਨ੍ਹਾਂ ਚੋਣ ਟਰਾਇਲਾਂ ਵਿਚ ਭਾਗ ਲੈਣ ਲਈ ਖਿਡਾਰੀਆਂ ਦੀ ਉਮਰ ਸੀਮਾ ਅੰਡਰ 14 ਲਈ 1-1-2014, ਅੰਡਰ 17 ਲਈ 1-1-2010 ਤੇ ਅੰਡਰ 19 ਲਈ 1-1-2008 ਜਾਂ ਇਸ ਤੋਂ ਬਾਅਦ ਹੋਣੀ ਨਿਸ਼ਚਿਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਖਿਡਾਰੀਆਂ ਦਾ ਸਰੀਰਕ ਤੇ ਮੈਡੀਕਲ ਤੌਰ 'ਤੇ ਫਿੱਟ ਹੋਣਾ ਲਾਜ਼ਮੀ ਹੈ ਤੇ ਯੋਗਤਾ ਵਜੋਂ ਖਿਡਾਰੀ ਨੇ ਜ਼ਿਲ੍ਹਾ ਪੱਧਰ 'ਤੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਵਿਚੋਂ ਕੋਈ ਇਕ ਪ੍ਰਾਪਤ ਕੀਤੀ ਹੋਵੇ ਜਾਂ ਸਟੇਟ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ | ਇਹ ਖਿਡਾਰੀ ਚੋਣ ਟਰਾਇਲ ਦੇਣ ਦੇ ਯੋਗ ਹੋਣਗੇ, ਜਦਕਿ ਨਵੇਂ ਖਿਡਾਰੀਆਂ ਦੇ ਹੁਨਰ ਨੂੰ ਵੀ ਵਿਚਾਰਿਆ ਜਾਵੇਗਾ | ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਚੋਣ ਟਰਾਇਲ ਦੇਣ ਦੇ ਇੱਛੁਕ ਖਿਡਾਰੀ ਨਿਰਧਾਰਿਤ ਮਿਤੀਆਂ ਨੂੰ ਸਵੇਰੇ 8 ਵਜੇ ਰਜਿਸਟਰੇਸ਼ਨ ਲਈ ਟਰਾਇਲ ਵਾਲੀ ਥਾਂ 'ਤੇ ਰਿਪੋਰਟ ਕਰਨ | ਉਨ੍ਹਾਂ ਕਿਹਾ ਕਿ ਦਾਖਲਾ ਫਾਰਮ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਜਾਂ ਟਰਾਇਲ ਵਾਲੇ ਦਿਨ ਮੌਕੇ 'ਤੇ ਹੀ ਪ੍ਰਾਪਤ ਕੀਤੇ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਚੁਣੇ ਗਏ ਰੈਜ਼ੀਡੈਂਸਲ ਖਿਡਾਰੀਆਂ ਨੂੰ ਮੁਫ਼ਤ ਕੋਚਿੰਗ ਦੇ ਨਾਲ ਨਾਲ 350 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਖ਼ੁਰਾਕ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਚੋਣ ਟਰਾਇਲ ਮੌਕੇ ਖਿਡਾਰੀਆਂ ਨੂੰ ਆਪਣੇ ਜਨਮ ਸਰਟੀਫਿਕੇਟ ਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਕੇ ਪੁੱਜਣ ਲਈ ਕਿਹਾ |