ਢਿਲਵਾਂ, 4 ਮਈ (ਪ੍ਰਵੀਨ ਕੁਮਾਰ)-ਸ਼ੇਰੇ-ਏ-ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਪ੍ਰਧਾਨ ਨਛੱਤਰ ਸਿੰਘ ਬਾਈ ਦੀ ਅਗਵਾਈ ਹੇਠ ਅੱਜ ਟੋਲ ਪਲਾਜ਼ਾ ਕਰਮਚਾਰੀ ਯੂਨੀਅਨ ਢਿਲਵਾਂ ਦੇ ਕਰਮਚਾਰੀਆਂ ਤੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਟੋਲ ਪਲਾਜ਼ਾ ਢਿਲਵਾਂ 11 ਵਜੇ ਤੋਂ ਲੈ ਕੇ 1 ਵਜੇ ਤੱਕ ਧਰਨਾ ਲਗਾਇਆ ਗਿਆ ਅਤੇ ਇਸ ਦੌਰਾਨ ਵਾਹਨਾਂ ਲਈ ਟੋਲ ਮੁਕਤ ਕੀਤਾ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਪਿਛਲੇ ਸਾਲ ਕਿਸਾਨਾਂ ਦੀਆ ਫ਼ਸਲਾਂ ਜੋ ਕਿ ਹੜ੍ਹਾਂ ਦੀ ਮਾਰ ਹੇਠ ਆ ਗਈਆਂ ਸਨ ਦੇ ਮੁਆਵਜ਼ੇ ਦੀ ਮੰਗ ਸਮੇਤ ਕੇਂਦਰ ਸਰਕਾਰ ਵਲੋਂ ਆਉਣ ਵਾਲੇ ਸਮੇਂ ਚ ਜੀ ਟੀ ਰੋਡ ਤੇ ਵੱਖ ਵੱਖ ਥਾਵਾਂ ਤੇ ਲੱਗੇ ਟੋਲ ਪਲਾਜ਼ਾ ਦੇ ਟੋਲ ਬੂਥਾਂ ਦੀ ਥਾਂ ਟੋਲ ਬੂਥ ਮੁਕਤ ਪ੍ਰਣਾਲੀ ਤਹਿਤ ਆਟੋਮੈਟਿਕ ਟੋਲ ਵਸੂਲਣ ਲਈ ਕੀਤੇ ਜਾ ਰਹੇ ਯਤਨਾਂ ਦਾ ਟੋਲ ਕਰਮਚਾਰੀ ਵਿਰੋਧ ਕਰ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰਾਂ ਹੋਣ ਨਾਲ ਟੋਲ ਪਲਾਜ਼ਾ ਤੇ ਕੰਮ ਕਰ ਰਹੇ ਸੈਂਕੜੇ ਕਰਮਚਾਰੀ ਆਪਣੇ ਕੰਮਾਂ ਤੋਂ ਵਿਹਲੇ ਹੋ ਜਾਣਗੇ ਤੇ ਅਜਿਹੇ 'ਚ ਉਹ ਆਪਣਾ ਗੁਜ਼ਾਰਾ ਕਿਵੇਂ ਕਰਨਗੇ | ਇਸ ਮੌਕੇ ਟੋਲ ਇੰਚਾਰਜ ਭੁਪਿੰਦਰ ਸਿੰਘ, ਟੋਲ ਪ੍ਰਧਾਨ ਸਿਮਰਜੀਤ ਸਿੰਘ, ਨਿਸ਼ਾਨ ਸਿੰਘ, ਜਗਦੀਪ ਸਿੰਘ ਆਦਿ ਸਮੇਤ ਟੋਲ ਕਰਮਚਾਰੀ ਤੇ ਕਿਸਾਨ ਮੌਜੂਦ ਸਨ |