ਫਗਵਾੜਾ, 4 ਮਈ (ਹਰਜੋਤ ਸਿੰਘ ਚਾਨਾ)-ਲਾਈਟ ਫ਼ਾਰ ਲਾਈਵਜ਼ ਨੇ ਰੇਲਵੇ ਸਟੇਸ਼ਨ ਦੇ ਬਾਹਰ ਵਾਟਰ ਕੂਲਰ ਲਗਾਇਆ, ਜਿਸਦਾ ਉਦਘਾਟਨ ਲਾਈਟ ਫ਼ਾਰ ਲਾਈਵਜ਼ ਦੀ ਪ੍ਰਧਾਨ ਅਨੰੂ ਸ਼ਰਮਾ ਨੇ ਕੀਤਾ | ਇਸ ਮੌਕੇ 'ਤੇ ਲਾਈਟ ਫ਼ਾਰ ਲਾਈਵਜ਼ ਐਨਜੀਓ ਦੀ ਪ੍ਰਧਾਨ ਅਨੂ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਤੇ ਉਨ੍ਹਾਂ ਦਾ ਇੱਕੋ ਇੱਕ ਉਦੇਸ਼ ਲੋੜਵੰਦਾਂ ਦੀ ਸੱਚਮੁੱਚ ਮਦਦ ਕਰਨਾ ਹੈ | ਪੰਜਾਬ 'ਚ ਜਿੱਥੇ ਵੀ ਲੋੜਵੰਦ ਲੋਕ ਹਨ, ਉਹ ਉਨ੍ਹਾਂ ਤੱਕ ਪਹੁੰਚ ਕਰੇਗੀ ਤੇ ਉਨ੍ਹਾਂ ਦੀ ਮਦਦ ਕਰੇਗੀ | ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਕਰੋੜਾਂ ਰੁਪਏ ਦੀ ਲਾਗਤ ਨਾਲ ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕਰ ਰਹੀ ਹੈ ਤਾਂ ਕਿਸੇ ਵੀ ਸ਼ਹਿਰ 'ਚ ਰੇਲਵੇ ਸਟੇਸ਼ਨਾਂ ਦੇ ਬਾਹਰ ਠੰਡੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ਗਰਮੀ 'ਚ ਰੇਲਵੇ ਸਟੇਸ਼ਨਾਂ ਦੇ ਬਾਹਰ ਬੈਠੇ ਰਿਕਸ਼ਾ ਚਾਲਕ ਤੇ ਮਜ਼ਦੂਰ ਅਕਸਰ ਪਾਣੀ ਦੀ ਘਾਟ ਕਾਰਨ ਬੇਹੋਸ਼ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਮਜ਼ਦੂਰਾਂ ਤੇ ਰਿਕਸ਼ਾ ਚਾਲਕਾਂ ਨੇ ਉਨ੍ਹਾਂ ਨੂੰ ਪਾਣੀ ਨਾ ਮਿਲਣ ਦੀ ਸਮੱਸਿਆ ਬਾਰੇ ਦੱਸਿਆ ਤਾਂ ਉਨ੍ਹਾਂ ਤੁਰੰਤ ਕਾਰਵਾਈ ਕੀਤੀ | ਉਨ੍ਹਾਂ ਕਿਹਾ ਕਿ ਇਹ ਵਾਟਰ ਕੂਲਰ ਰੇਲਵੇ ਸਟੇਸ਼ਨ ਦੇ ਯਾਤਰੀਆਂ ਅਤੇ ਨਿਵਾਸੀਆਂ ਲਈ ਹਰ ਸਮੇਂ ਸਾਫ਼ ਅਤੇ ਠੰਡਾ ਪਾਣੀ ਉਪਲਬਧ ਕਰਵਾਉਣ ਨੂੰ ਯਕੀਨੀ ਬਣਾਏਗਾ | ਇਸ ਮੌਕੇ ਹਰਜੀਤ ਪਰਮਾਰ, ਅਰਵਿੰਦ ਵਰਮਾ, ਵਨੀਤਾ, ਪਰਮਵੀਰ ਸਿੰਘ, ਰਾਜੀਵ ਕਾਮਰਾ, ਮਾਨਸੀ ਸ਼੍ਰੀਵਾਸਤਵ, ਇੰਦਰਜੀਤ ਕਲੇਰ, ਕੁਮੁਦ ਸ਼ਰਮਾ, ਜੋਤੀ ਬੈਨਰਜੀ, ਬਲਜਿੰਦਰ, ਵੀਨਾ ਸ਼ਰਮਾ, ਮਧੂ ਸ਼ਰਮਾ, ਰਾਜ ਸ਼ਰਮਾ, ਵਿਭੂ ਭੰਡਾਰੀ ਅਤੇ ਹੋਰ ਵੀ ਇਸ ਮੌਕੇ 'ਤੇ ਮੌਜੂਦ ਸਨ |