ਸੁਲਤਾਨਪੁਰ ਲੋਧੀ, 4 ਮਈ (ਥਿੰਦ)-ਦੇਸ਼ ਵਿਚ ਹੋਣ ਜਾ ਰਹੀ ਰਾਸ਼ਟਰੀ ਜਨਗਣਨਾ 2027 ਵਿਚ ਪੰਜਾਬ ਅਤੇ ਦੇਸ਼ ਦੇ ਓ.ਬੀ.ਸੀ ਸਮਾਜ ਨੂੰ ਅੱਖੋਂ ਪਰੋਖੇ ਕਰਨ ਨਾਲ ਪੰਜਾਬ ਦੇ ਓ.ਬੀ.ਸੀ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਓ.ਬੀ.ਸੀ ਵੈੱਲਫੇਅਰ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਹਾਂਡਾ, ਸਰਪ੍ਰਸਤ ਰਾਜਵਿੰਦਰ ਸਿੰਘ ਖੱਤਰੀਵਾਲਾ, ਸਟੇਟ ਐਵਾਰਡੀ ਪਿ੍ੰਸੀਪਲ ਲਖਵੀਰ ਸਿੰਘ ਸੈਦਪੁਰ, ਪਿ੍ੰਸੀਪਲ ਅਮਰੀਕ ਸਿੰਘ ਨੰਢਾ, ਦਿਆਲ ਸਿੰਘ ਦੀਪੇਵਾਲ, ਲੈਕਚਰਾਰ ਕਸ਼ਮੀਰ ਸਿੰਘ ਹੈਬਤਪੁਰ, ਉੱਘੇ ਸ਼ਾਇਰ ਮੁਖਤਾਰ ਸਿੰਘ ਚੰਦੀ, ਜ਼ਿਲ੍ਹਾ ਪ੍ਰਧਾਨ ਜਗਮੋਹਣ ਸਿੰਘ, ਨਵਜੀਤ ਸਿੰਘ ਜੌਲੀ, ਕੰਵਰਦੀਪ ਸਿੰਘ, ਨਿਰਮਲ ਸਿੰਘ ਚੰਦੀ ਨੇ ਕਿਹਾ ਕਿ ਇਸ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਵਜੋਂ ਕੇਂਦਰ ਸਰਕਾਰ ਵੱਲੋਂ ਇੱਕ 34 ਕਾਲਮ ਦਾ ਪੋ੍ਰਫਾਰਮਾ ਤਿਆਰ ਕੀਤਾ ਗਿਆ ਅਤੇ ਇਸ ਪੋ੍ਰਫਾਰਮੇ ਦਾ 'ਕਾਲਮ ਨੰਬਰ 13' ਪਰਿਵਾਰ ਦੇ ਮੁਖੀ ਦੀ ਜਾਤੀ ਨਾਲ ਸਬੰਧਿਤ ਹੈ | ਉਨ੍ਹਾਂ ਕਿਹਾ ਕਿ ਇਸ 34 ਕਾਲਮ ਵਾਲੇ ਪੋ੍ਰਫਾਰਮੇ ਵਿਚ ਪਰਿਵਾਰ ਦੇ ਮੁਖੀ ਬਾਰੇ ਜਾਣਕਾਰੀ ਪ੍ਰਾਪਤ ਕਰਨ ਸਮੇਂ ਅਨੁਸੂਚਿਤ ਜਾਤੀ ਭਾਵ ਐੱਸ.ਸੀ ਅਤੇ ਅਨੁਸੂਚਿਤ ਜਨਜਾਤੀ ਭਾਵ ਐੱਸ.ਟੀ ਦਾ ਜ਼ਿਕਰ ਤਾਂ ਕੀਤਾ ਗਿਆ ਹੈ, ਪਰ ਇਸ ਪੋ੍ਰਫਾਰਮੇ ਵਿਚ ਕਿਧਰੇ ਵੀ ਪਛੜੀਆਂ ਜਾਤੀਆਂ ਜਾਂ ਹੋਰ ਪਛੜੀਆਂ ਜਾਤੀਆਂ ਦਾ ਜ਼ਿਕਰ ਨਹੀਂ ਹੈ | ਉਨ੍ਹਾਂ ਨੇ ਕਿਹਾ ਕਿ ਕਾਲਮ ਨੰਬਰ 13 ਵਿਚ ਪਰਿਵਾਰ ਦਾ ਮੁਖੀ ਐੱਸ.ਸੀ ਹੋਣ ਦੀ ਹਾਲਤ ਵਿਚ ਕਾਲਮ ਵਿਚ 01 ਅਤੇ ਪਰਿਵਾਰ ਦਾ ਮੁਖੀ ਐੱਸ.ਟੀ ਹੋਣ ਦੀ ਹਾਲਤ ਵਿਚ ਕਾਲਮ ਵਿਚ 02 ਅਤੇ ਹੋਰ ਜਾਤੀ ਦਾ ਹੋਣ ਦੀ ਹਾਲਤ ਵਿਚ ਪਰਿਵਾਰ ਦੇ ਮੁਖੀ ਨੂੰ ਇਸ ਕਾਲਮ ਵਿਚ 03 ਨੰਬਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਜਾਤੀ ਵਾਲੇ ਇਸ ਕਾਲਮ ਵਿਚ ਕਿਧਰੇ ਵੀ ਪਛੜੀਆਂ ਸ਼੍ਰੇਣੀਆਂ ਜਾਂ ਹੋਰ ਪਛੜੀਆਂ ਸ਼੍ਰੇਣੀਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਸਗੋਂ ਕਾਲਮ ਅਨੁਸਾਰ ਪਛੜੀਆਂ ਸ਼੍ਰੇਣੀਆਂ ਨੂੰ ਵੀ ਜਨਰਲ ਵਰਗ ਦੀ ਕੈਟਾਗਰੀ ਵਿਚ ਹੀ ਗਿਣਿਆ ਜਾ ਰਿਹਾ ਹੈ | ਆਗੂਆਂ ਨੇ ਕਿਹਾ ਕਿ ਇਹ ਸਭ ਪੰਜਾਬ ਅਤੇ ਦੇਸ਼ ਵਿਚ ਪਛੜੀਆਂ ਜਾਤੀਆਂ ਦੀ ਅਸਲ ਜਨਸੰਖਿਆ ਭਾਵ ਉਨ੍ਹਾਂ ਦੀ ਅਸਲ ਤਾਕਤ ਨੂੰ ਲੁਕਾਉਣ ਦੇ ਮਕਸਦ ਨਾਲ ਹੀ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਓਬੀਸੀ ਵਿਰੋਧੀ ਸੋਚ ਵਾਲੇ ਲੋਕਾਂ ਨੂੰ ਪਤਾ ਹੈ ਕਿ ਜਿਸ ਦਿਨ ਪੰਜਾਬ ਵਿਚ ਅਤੇ ਦੇਸ਼ ਵਿਚ ਪਛੜੀਆਂ ਜਾਤੀਆਂ ਦੇ ਲੋਕਾਂ ਨੂੰ ਉਨ੍ਹਾਂ ਦੀ ਅਸਲ ਜਨਸੰਖਿਆ ਭਾਵ ਅਸਲ ਤਾਕਤ ਦਾ ਪਤਾ ਲੱਗ ਗਿਆ ਤਾਂ ਉਸ ਤੋਂ ਬਾਅਦ ਪਛੜੀਆਂ ਜਾਤੀਆਂ ਦੇ ਲੋਕਾਂ ਨੂੰ ਦਬਾ ਕੇ ਰੱਖਣਾ ਔਖਾ ਹੋ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ 45 ਫ਼ੀਸਦੀ ਆਬਾਦੀ ਪਛੜੀਆਂ ਜਾਤੀਆਂ ਨਾਲ ਸਬੰਧਿਤ ਵਰਗ ਦੀ ਹੈ ਅਤੇ ਇਹਨਾਂ ਨੂੰ ਪੰਜਾਬ ਦੇ ਬਾਕੀ ਸਮਾਜ ਦੇ ਬਰਾਬਰ ਖੜਾ ਲਈ ਅਤੇ ਲੋਕ ਪੱਖੀ ਨੀਤੀਆਂ ਬਣਾਉਣ ਲਈ ਪੰਜਾਬ ਵਿਚ ਜਾਤੀਗਤ ਜਨਗਣਨਾ ਕਰਵਾਉਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਕਿਹਾ ਕਿ ਪਛੜੀਆਂ ਜਾਤੀਆਂ ਦੇ ਆਗੂਆਂ ਦੇ ਇੱਕਜੁੱਟ ਨਾ ਹੋਣ ਕਾਰਨ ਹੀ ਸਮੇਂ ਦੀਆਂ ਸਰਕਾਰਾਂ ਓ.ਬੀ.ਸੀ ਵਰਗ ਨਾਲ ਅਜਿਹੀ ਧੱਕੇਸ਼ਾਹੀ ਕਰ ਰਹੀਆਂ ਹਨ |