ਕਪੂਰਥਲਾ, 4 ਮਈ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹਾ ਕਾਂਗਰਸ ਨਾਲ ਸਬੰਧਿਤ ਆਗੂਆਂ ਤੇ ਵਰਕਰਾਂ ਨੇ ਅੱਜ ਪੰਜਾਬ ਦੇ ਰਾਜਪਾਲ ਦੇ ਨਾਂਅ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੂੰ ਇਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਬੀਤੀ 1 ਮਈ ਨੂੰ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵਾਪਰੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈ ਕੇ ਪੰਜਾਬ ਵਿਧਾਨ ਸਭਾ ਦੀ ਮਰਿਆਦਾ ਨੂੰ ਕਾਇਮ ਰੱਖਣ ਲਈ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਮੰਗ ਪੱਤਰ ਦੇਣ ਤੋਂ ਬਾਅਦ ਬਲਾਕ ਕਾਂਗਰਸ ਸ਼ਹਿਰੀ ਕਪੂਰਥਲਾ ਦੇ ਪ੍ਰਧਾਨ ਦੀਪਕ ਸਲਵਾਨ, ਬਲਾਕ ਕਾਂਗਰਸ ਦਿਹਾਤੀ ਕਪੂਰਥਲਾ ਦੇ ਪ੍ਰਧਾਨ ਮਨਿੰਦਰਪਾਲ ਸਿੰਘ ਮੰਨਾ, ਬਲਾਕ ਕਾਂਗਰਸ ਫਗਵਾੜਾ ਦੇ ਪ੍ਰਧਾਨ ਨਰੇਸ਼ ਭਾਰਦਵਾਜ, ਬਲਾਕ ਕਾਂਗਰਸ ਫਗਵਾੜਾ ਦੇ ਸ਼ਹਿਰੀ ਪ੍ਰਧਾਨ ਵਿੱਕੀ ਵਾਲੀਆ, ਸੀਨੀਅਰ ਆਗੂ ਕਮਲ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਮੌਜੂਦ ਸਨ ਤੇ ਮੁੱਖ ਮੰਤਰੀ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ ਵਿਚ ਇਜਲਾਸ ਵਿਚ ਸ਼ਾਮਲ ਹੋਏ, ਜੋ ਬਹੁਤ ਹੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਇਜਲਾਸ ਦੌਰਾਨ ਜਦੋਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਸਮੇਤ ਵਿਧਾਨ ਸਭਾ ਦੇ ਸਾਰੇ ਮੈਂਬਰਾਂ ਦਾ ਅਲਕੋਹਲ ਸਬੰਧੀ ਟੈੱਸਟ ਕਰਵਾਇਆ ਜਾਵੇ, ਪ੍ਰੰਤੂ ਸਪੀਕਰ ਵਲੋਂ ਉਨ੍ਹਾਂ ਦੀ ਮੰਗ ਰੱਦ ਕਰ ਦਿੱਤੀ ਗਈ, ਜਿਸ ਕਾਰਨ ਅੱਜ ਉਹ ਪੰਜਾਬ ਦੇ ਰਾਜਪਾਲ ਦੇ ਨਾਂਅ ਮੰਗ ਪੱਤਰ ਦੇ ਕੇ ਮੁੱਖ ਮੰਤਰੀ ਪੰਜਾਬ ਵਿਰੁੱਧ ਯੋਗ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਵਾਪਰੀ ਇਸ ਘਟਨਾ ਨਾਲ ਦੁਨੀਆ ਭਰ ਵਿਚ ਪੰਜਾਬ ਤੇ ਪੰਜਾਬੀਆਂ ਦੇ ਅਕਸ ਨੂੰ ਢਾਹ ਲੱਗੀ ਹੈ | ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਰਮੇਸ਼ ਡਡਵਿੰਡੀ, ਜ਼ਿਲ੍ਹਾ ਕਾਂਗਰਸ ਦੇ ਐਸ.ਸੀ. ਵਿਭਾਗ ਦੇ ਚੇਅਰਮੈਨ ਤਜਿੰਦਰ ਸਿੰਘ ਭੰਡਾਰੀ, ਸੀਨੀਅਰ ਆਗੂ ਕੁਲਦੀਪ ਸਿੰਘ, ਮਨੀਸ਼ ਪ੍ਰਭਾਕਰ, ਨਿਗਮ ਦੇ ਸਾਬਕਾ ਡਿਪਟੀ ਮੇਅਰ ਵਿਨੋਦ ਸੂਦ, ਬਲਾਕ ਪ੍ਰਧਾਨ ਨਰਿੰਦਰ ਸਿੰਘ ਪਨੂੰ, ਸਾਬਕਾ ਕੌਂਸਲਰ ਕਰਨ ਮਹਾਜਨ, ਸਿਲੰਦਰ ਸਿੰਘ ਵਾਲੀਆ, ਮਨਿੰਦਰ ਸਿੰਘ ਵਾਲੀਆ ਦਿਹਾਤੀ ਪ੍ਰਧਾਨ, ਗੁਰਜੀਤ ਵਾਲੀਆ ਫਗਵਾੜਾ, ਜਗਜੀਵਨ ਲਾਲ ਖਲਵਾੜਾ, ਵਿਨੋਦ ਵਰਮਾਨੀ, ਸੰਜੀਵ ਬੁੱਗਾ, ਮਨੀਸ਼ ਪ੍ਰਭਾਕਰ, ਸੌਰਵ ਜੋਸ਼ੀ, ਕਮਲ ਧਾਲੀਵਾਲ, ਸ਼ੈਫੀ ਚੱਢਾ, ਅਗਮ ਪ੍ਰਾਸ਼ਰ, ਬਲਵੰਤ ਰਾਏ, ਅਮਰਜੀਤ ਨਿੱਝਰ, ਅਨਿਲਪਾਲ, ਅਮਿੱਤ ਅਰੋੜਾ, ਸਾਹਿਲ ਵੋਹਰਾ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਨਾਲ ਸਬੰਧਿਤ ਵੱਖ-ਵੱਖ ਖੇਤਰਾਂ ਦੇ ਆਗੂ ਤੇ ਵਰਕਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |