ਕਪੂਰਥਲਾ, 14 ਮਈ (ਅਮਰਜੀਤ ਕੋਮਲ)-ਰੇਲਵੇ ਬੋਰਡ ਨਵੀਂ ਦਿੱਲੀ ਦੇ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟ) ਸੀਤਾ ਰਾਮ ਸ਼ਿੰਕੂ ਨੇ ਅੱਜ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਵਰਕਸ਼ਾਪ ਦੇ ਦੌਰੇ ਦੌਰਾਨ ਕੋਚ ਨਿਰਮਾਣ ਦੀ ਪ੍ਰਕਿਰਿਆ, ਸ਼ੈੱਲ ਅਸੈਂਬਲੀ ਸ਼ਾਪ ਵਿਚ ਕੋਚ ਸੈੱਲ ਤੇ ਆਰ.ਸੀ.ਐਫ. ਵਲੋਂ ਵੱਖ-ਵੱਖ ਕਿਸਮਾਂ ਦੇ ਰੇਲ ਡੱਬੇ ਵਿਸ਼ੇਸ਼ ਕਰਕੇ ਵੰਦੇ ਭਾਰਤ, ਅੰਮਿ੍ਤ ਭਾਰਤ ਤੇ ਬੰਗਲਾਦੇਸ਼ ਲਈ ਬਣਾਏ ਜਾ ਰਹੇ ਰੇਲ ਡੱਬਿਆਂ ਦੀ ਨਿਰਮਾਣ ਪ੍ਰਕਿਰਿਆ ਦਾ ਨਿਰੀਖਣ ਕੀਤਾ | ਉਨ੍ਹਾਂ ਸੀ.ਐਨ.ਸੀ. ਮਸ਼ੀਨਾਂ, ਪ੍ਰੈੱਸ ਤੇ ਹੋਰ ਮਸ਼ੀਨਾਂ ਵਿਚ ਸੈੱਲ ਹਿੱਸਿਆਂ ਦੇ ਨਿਰਮਾਣ ਦੀ ਜਾਂਚ ਵੀ ਕੀਤੀ | ਐਡੀਸ਼ਨਲ ਮੈਂਬਰ ਨੇ ਰੇਲ ਡੱਬਿਆਂ ਦੇ ਤੇਜ਼ੀ ਨਾਲ ਨਿਰਮਾਣ ਲਈ ਰੇਲ ਕੋਚ ਫ਼ੈਕਟਰੀ ਦੇ ਬੁਨਿਆਦੀ ਢਾਂਚੇ ਦੀ ਪ੍ਰਸੰਸਾ ਕੀਤੀ ਤੇ ਮੌਕੇ 'ਤੇ ਕੁੱਝ ਕੀਮਤੀ ਸੁਝਾਅ ਵੀ ਦਿੱਤੇ ਤੇ ਬਾਅਦ ਵਿਚ ਉਨ੍ਹਾਂ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁੱਖ ਮੁੱਦਿਆਂ 'ਤੇ ਵਿਸਥਾਰਪੂਰਵਕ ਮੀਟਿੰਗ ਕੀਤੀ | ਇਸ ਮੌਕੇ ਆਰ.ਸੀ.ਐਫ. ਵਲੋਂ ਇਕ ਪੇਸ਼ਕਾਰੀ ਦਿੱਤੀ ਗਈ ਜਿਸ ਵਿਚ ਮੌਜੂਦਾ ਵਿੱਤੀ ਸਾਲ ਵਿਚ ਆਰ.ਸੀ.ਐਫ. ਵਿਚ ਨਵੇਂ ਕਿਸਮ ਦੇ ਰੇਲ ਡੱਬਿਆਂ ਦੇ ਉਤਪਾਦਨ ਤੇ ਨਿਰਮਾਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਮੀਟਿੰਗ ਵਿਚ ਸੀਤਾ ਰਾਮ ਸ਼ਿੰਕੂ ਨੇ ਆਰ.ਸੀ.ਐਫ. ਨੂੰ ਰੇਲਵੇ ਬੋਰਡ ਵਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ | ਮੀਟਿੰਗ ਵਿਚ ਉਨ੍ਹਾਂ ਆਰ.ਸੀ.ਐਫ. ਨੂੰ ਯਾਤਰੀਆਂ ਦੀ ਪੂਰਨ ਸੰਤੁਸ਼ਟੀ ਲਈ ਰੇਲ ਡੱਬਿਆਂ ਦੇ ਗੁਣਵੱਤਾ ਨੂੰ ਵਧਾਉਣ ਤੇ ਸਰਵੋਤਮ ਕਾਰਜ ਪ੍ਰਣਾਲੀਆਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ | ਉਨ੍ਹਾਂ ਵਿੱਤੀ ਸਾਲ 2025-26 ਵਿਚ ਰੇਲ ਡੱਬਿਆਂ ਦੇ ਰਿਕਾਰਡ ਉਤਪਾਦਨ ਲਈ ਆਰ.ਸੀ.ਐਫ. ਦੀ ਪ੍ਰਸੰਸਾ ਕੀਤੀ |