ਕਪੂਰਥਲਾ, 14 ਮਈ (ਵਿ.ਪ੍ਰ.)-ਗੁਰੂ ਅਮਰਦਾਸ ਜੀ ਸੀਨੀਅਰ ਸੈਕੰਡਰੀ ਸਕੂਲ ਉੱਚਾ ਬੇਟ ਦਾ 12ਵੀਂ ਜਮਾਤ ਦਾ ਨਤੀਜਾ ਇਸ ਸਾਲ ਵੀ 100 ਪ੍ਰਤੀਸ਼ਤ ਰਿਹਾ | ਸਕੂਲ ਦੀ ਪਿ੍ੰਸੀਪਲ ਰਜਿੰਦਰ ਕੌਰ ਨੇ ਦੱਸਿਆ ਕਿ ਸਕੂਲ ਦੇ 38 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਸ ਵਿਚੋਂ ਚਾਰ ਵਿਦਿਆਰਥੀਆਂ ਨੇ 85 ਪ੍ਰਤੀਸ਼ਤ, ਪੰਜ ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੇ 13 ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਕਿਹਾ ਕਿ ਕਾਮਰਸ ਗਰੁੱਪ ਵਿਚ ਰੀਆ ਨੇ 88 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਵਿਚੋਂ ਪਹਿਲਾ, ਆਸ਼ਮਾ ਸਹੋਤਾ ਨੇ 86.2 ਅੰਕ ਲੈ ਕੇ ਦੂਜਾ ਤੇ ਹਰਮਨ ਕੌਰ ਨੇ 86 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਆਰਟਸ ਗਰੁੱਪ ਵਿਚ ਸਾਹਿਲਪ੍ਰੀਤ ਸਿੰਘ ਨੇ 76 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਹਿਤੇਸ਼ਪ੍ਰੀਤ ਸਿੰਘ ਨੇ 74 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਗਗਨਪ੍ਰੀਤ ਸਿੰਘ ਨੇ 71 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਲਿਆ | ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਰੰਧਾਵਾ, ਡਾਇਰੈਕਟਰ ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਰਜਿੰਦਰ ਕੌਰ ਨੇ ਸਕੂਲ ਦੇ ਪ੍ਰੀਖਿਆ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਵਿਦਿਆਰਥੀਆਂ ਨੂੰ ਹੋਰ ਸਖ਼ਤ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ |