ਬੇਗੋਵਾਲ, 15 ਮਈ (ਸੁਖਜਿੰਦਰ ਸਿੰਘ)-ਬ੍ਰਹਮ ਗਿਆਨੀ ਵਿੱਦਿਆ ਦੇ ਦਾਨੀ ਤੇ ਮਹਾਨ ਤਪੱਸਵੀ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 78ਵੀਂ ਸਾਲਾਨਾ ਬਰਸੀ ਡੇਰੇ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ 1, 2 ਤੇ 3 ਜੂਨ ਨੂੰ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮਨਾਲੇ ਵਾਲਿਆਂ ਦੇ ਅਸਥਾਨ 'ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ | ਬਰਸੀ ਸਬੰਧੀ ਹੋਣ ਵਾਲੇ ਸਮਾਗਮਾਂ ਦੀ ਤਿਆਰੀ ਸਬੰਧੀ ਅੱਜ ਬਾਬਾ ਜੀ ਦੇ ਅਸਥਾਨ 'ਤੇ ਇਕ ਵਿਸ਼ੇਸ਼ ਮੀਟਿੰਗ ਜਗੀਰ ਕੌਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਇਲਾਕੇ ਭਰ ਦੀਆਂ ਸੰਗਤਾਂ ਤੇ ਮੋਹਤਬਰ ਵਿਅਕਤੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਸਬੰਧੀ 2 ਮਈ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਨਿਰੰਤਰ ਲੜੀ ਚੱਲ ਰਹੀ ਹੈ, ਜਿਨ੍ਹਾਂ ਦੇ ਭੋਗ 1 ਜੂਨ ਨੂੰ ਪਾਏ ਜਾਣਗੇ ਤੇ ਇਸੇ ਦਿਨ ਹੀ ਭਾਰੀ ਅੰਮਿ੍ਤ ਸੰਚਾਰ ਵੀ ਹੋਵੇਗਾ | ਉਨ੍ਹਾਂ ਇਹ ਵੀ ਕਿਹਾ ਕਿ 2 ਜੂਨ ਨੂੰ ਅੰਮਿ੍ਤ ਵੇਲੇ ਆਸਾ ਦੀ ਵਾਰ ਤੋਂ ਲੈ ਕੇ ਦੇ ਸ਼ਾਮ ਤੱਕ ਮਹਾਨ ਗੁਰਮਤਿ ਸਮਾਗਮ ਹੋਣਗੇ ਤੇ 3 ਜੂਨ ਨੂੰ 1 ਵਜੇ ਤੱਕ ਧਾਰਮਿਕ ਸਮਾਗਮ ਹੋਣਗੇ, ਜਿਸ ਵਿਚ ਸਿੱਖ ਪੰਥ ਦੇ ਮਹਾਨ ਕੀਰਤਨੀਏ ਕਥਾਵਾਚਕ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਨਗੇ, ਉੱਥੇ ਹੀ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਆਗੂ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜਣਗੇ | ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਸੰਗਤਾਂ ਦੇ ਵੱਡੇ ਪੱਧਰ 'ਤੇ ਸਹਿਯੋਗ ਦੀ ਲੋੜ ਹੈ | ਇਸ ਮੌਕੇ ਉਨ੍ਹਾਂ ਨੇ ਲੰਗਰ, ਰਿਹਾਇਸ਼, ਪਾਰਕਿੰਗ ਤੇ ਸਿਹਤ ਸਹੂਲਤਾਂ ਵਿਚ ਕੋਈ ਕਮੀ ਨਾ ਰਹੇ ਇਸ ਸੰਬੰਧੀ ਦੀ ਵੱਖ-ਵੱਖ ਟੀਮਾਂ ਬਣਾਈਆਂ | ਬੀਬੀ ਜਗੀਰ ਕੌਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਮਾਗਮਾਂ ਵਿਚ ਜੋ ਸੰਗਤਾਂ ਲੰਗਰ ਘਰੋਂ ਪਕਾ ਕੇ ਸੰਗਤਾਂ ਦੀ ਸੇਵਾ ਲਈ ਲੈ ਕੇ ਆਉਂਦੀਆਂ ਹਨ, ਉਹ ਸਾਡੇ ਨਾਲ ਸੰਪਰਕ ਕਰਨ ਤਾਂ ਜੋ ਜਿਸ ਸਮੇਂ ਉਨ੍ਹਾਂ ਨੇ ਲੰਗਰ ਲੈ ਕੇ ਆਉਣਾ ਹੈ, ਉਹ ਨੋਟ ਕੀਤਾ ਜਾ ਸਕੇ ਤਾਂ ਜੋ ਸਾਰੀਆਂ ਸੰਗਤਾਂ ਇਕ ਦਿਨ ਹੀ ਲੰਗਰਾਂ ਦਾ ਪ੍ਰਬੰਧ ਕਰਕੇ ਨਾ ਆਉਣ | ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਪ੍ਰੋਫੈਸਰ ਜਸਵੰਤ ਸਿੰਘ ਮੁਰੱਬੀਆ, ਰਜਿੰਦਰ ਸਿੰਘ ਲਾਡੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਬੇਗੋਵਾਲ, ਕੌਂਸਲਰ ਵਿਕਰਮਜੀਤ ਸਿੰਘ ਵਿੱਕੀ, ਬਲਵਿੰਦਰ ਸਿੰਘ ਕਰਨੈਲ ਗੰਜ, ਸਰਬਜੀਤ ਸਿੰਘ ਸਦੋੜਾ, ਡਾ. ਨਰਿੰਦਰ ਪਾਲ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਨਡਾਲਾ, ਅਵਤਾਰ ਸਿੰਘ ਮੁਲਤਾਨੀ, ਜਸਵੰਤ ਸਿੰਘ ਫਰਾਂਸ, ਬਲਵਿੰਦਰ ਸਿੰਘ ਕਮਰਾਏ, ਪਿ੍ੰਸੀਪਲ ਸੇਵਾ ਸਿੰਘ ਭਦਾਸ, ਦਲਜੀਤ ਸਿੰਘ ਖ਼ਾਲਸਾ, ਪਰਮਜੀਤ ਸਿੰਘ ਮਠਾੜੂ, ਸਿਮਰਜੀਤ ਸਿੰਘ ਬੇਗੋਵਾਲ, ਗੁਰਮੀਤ ਕੌਰ ਨੰਬਰਦਾਰ ਅਵਾਨ, ਲਖਵਿੰਦਰ ਸਿੰਘ ਵਿਜੋਲਾ, ਕੈਪਟਨ ਬਸੰਤ ਸਿੰਘ, ਗ਼ਰੀਬ ਸਿੰਘ ਸਾਬਕਾ ਸਰਪੰਚ ਰਾਏਪੁਰ ਰਾਈਆਂ, ਸੁਖਵਿੰਦਰ ਸਿੰਘ ਸੁੱਖਾ ਟਾਹਲੀ, ਹੈੱਡ ਮਾਸਟਰ ਫੁੰਮਣ ਸਿੰਘ, ਨੰਬਰਦਾਰ ਸੁਰਜੀਤ ਸਿੰਘ ਦੋਲੋਵਾਲ, ਸੁਖਦੇਵ ਸਿੰਘ ਸਾਬਕਾ ਸਰਪੰਚ ਭਟਨੂਰਾ, ਭੁੱਲਾ ਸਿੰਘ ਸਾਬਕਾ ਸਰਪੰਚ ਬਰਿਆਰ ਨੰਬਰਦਾਰ ਜੋਗਿੰਦਰ ਸਿੰਘ, ਗੁਰਮੀਤ ਸਿੰਘ ਖ਼ਾਲਸਾ, ਮਾਸਟਰ ਰੂੜ ਸਿੰਘ, ਬਲਜਿੰਦਰ ਸਿੰਘ ਬੱਬੂ ਟਾਹਲੀ ਤੇ ਅਮਰੀਕ ਸਿੰਘ ਪੀਏ ਆਦਿ ਵੱਡੀ ਗਿਣਤੀ ਵਿਚ ਹਾਜ਼ਰ ਸਨ |