26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਪ੍ਰਧਾਨ ਮੰਤਰੀ ਗੁਜਰਾਲ ਤੇ ਮੁੱਖ ਮੰਤਰੀ ਬਾਦਲ ਵਲੋਂ ਪਰਿਵਾਰ ਨਾਲ ਜ਼ਮੀਨ ਵਾਪਸੀ ਦੇ ਵਾਅਦੇ ਨਹੀਂ ਹੋਏ ਵਫ਼ਾ

Ad Position 21
No active advertisement
ਅਜੀਤ ਡੈਸਕ 18-05-2026
ਕਾਲਾ ਸੰਘਿਆਂ, 17 ਮਈ (ਬਲਜੀਤ ਸਿੰਘ ਸੰਘਾ)-ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸਾਥੀ ਰਹੇ ਇਤਿਹਾਸਕ ਕਸਬਾ ਕਾਲਾ ਸੰਘਿਆਂ ਦੇ ਵਸਨੀਕ ਗ਼ਦਰ ਲਹਿਰ ਦੇ ਇਤਿਹਾਸ ਵਿਚ ਮੂਹਰੀ ਕਤਾਰ ਦੇ ਯੋਧੇ ਗ਼ਦਰੀ ਬਾਬਾ ਹਰਨਾਮ ਸਿੰਘ, ਜਿਨ੍ਹਾਂ ਦੇਸ਼ ਦੀ ਤਾਂ ਆਜ਼ਾਦੀ ਲਈ ਸੰਘਰਸ਼ ਕਰਦਿਆਂ ਆਪਣੀ ਜ਼ਿੰਦਗੀ ਦੇ 22 ਵਰ੍ਹੇ ਤੋਂ ਵੱਧ ਸਮਾਂ ਲਾਹੌਰ, ਮਿੰਟਗੁੰਮਰੀ, ਹਜ਼ਾਰੀ ਬਾਗ਼, ਸ਼ਾਹੀ ਬਾਗ਼ ਆਦਿ ਜੇਲ੍ਹਾਂ ਵਿਚ ਕੱਟ ਕੇ ਅੰਗਰੇਜ਼ ਹਾਕਮਾਂ ਵੱਲੋਂ ਦਿੱਤੇ ਤਸੀਹੇ ਝੱਲੇ | ਇੱਥੇ ਹੀ ਬੱਸ ਨਹੀਂ ਅੰਗਰੇਜ਼ ਹਕੂਮਤ ਵੱਲੋਂ ਲਾਹੌਰ ਬਾਗ਼ ਬਗਾਵਤ ਕੇਸ ਵਿਚ ਬਾਬਾ ਜੀ ਦੀ 17 ਏਕੜ ਜ਼ਮੀਨ ਵੀ ਕੁਰਕ ਕਰ ਲਈ, ਜਿਸ ਨਾਲ਼ ਬਾਬਾ ਜੀ ਦੇ ਪਰਿਵਾਰ ਨੂੰ ਵੀ ਆਰਥਿਕ ਤੌਰ 'ਤੇ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਉੱਧਰ ਜੇਲ੍ਹ ਵਿਚ ਬਾਬਾ ਜੀ ਦੀਆਂ ਮੁਲਾਕਾਤਾਂ ਭਾਈ ਰਣਧੀਰ ਸਿੰਘ ਦੇ ਜਥੇ ਦੇ ਸਿੰਘਾਂ, ਬਾਬੇ ਸੋਹਣ ਸਿੰਘ ਭਕਨੇ ਅਤੇ ਸ਼ਹੀਦ ਭਗਤ ਸਿੰਘ ਨਾਲ ਹੁੰਦੀਆਂ ਅਤੇ ਦੇਸ਼ ਦੀ ਆਜ਼ਾਦੀ ਬਾਰੇ ਵਿਉਂਤਾਂ ਘੜੀਆਂ ਜਾਂਦੀਆਂ | ਸਜ਼ਾ ਪੂਰੀ ਹੋਣ ਤੇ ਸ਼ਰਤਾਂ ਸਮੇਤ ਰਿਹਾਈ ਦੀ ਤਜਵੀਜ਼ ਲੈ ਕੇ ਆਇਆ ਅਫ਼ਸਰ ਬਾਬੇ ਦੇ ਇਰਾਦੇ ਭਾਂਪਦਿਆਂ ਲਿਖ ਕੇ ਰਿਪੋਰਟ ਭੇਜਦਾ ਹੈ ਕਿ ਇਹਦੇ ਉੱਪਰ ਜੇਲ੍ਹ ਦੀਆਂ ਸਖ਼ਤੀਆਂ ਦਾ ਕੋਈ ਅਸਰ ਨਹੀਂ ਹੋਇਆ, ਇਹ ਹਕੂਮਤ ਲਈ ਇੱਕ ਖ਼ਤਰਨਾਕ ਵਿਅਕਤੀ ਹੈ, ਇਸ ਨੂੰ ਉਮਰ ਜੇਲ੍ਹ ਵਿਚੋਂ ਨਾ ਛੱਡਿਆ ਜਾਵੇ | ਅੱਜ ਵੀ ਗ਼ਦਰੀ ਬਾਬਾ ਹਰਨਾਮ ਸਿੰਘ ਦੇ ਸਿਦਕ, ਭਰੋਸੇ ਅਤੇ ਸਿਰੜ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ | 18 ਮਈ 1978 ਨੂੰ ਉਹ ਸੰਘਰਸ਼ ਅਤੇ ਸਿਰੜ ਦਾ ਪ੍ਰਤੀਨਿਧ ਗ਼ਦਰੀ ਬਾਬਾ ਸਰੀਰਕ ਤੌਰ 'ਤੇ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ | ਉਨ੍ਹਾਂ ਦੇ ਸ਼ਹਾਦਤ ਅਤੇ ਕੁਰਬਾਨੀ ਕਰ ਕੇ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਕਾਲ਼ਾ ਸੰਘਿਆਂ ਵਿਖੇ ਉਨ੍ਹਾਂ ਦੇ ਨਾਂਅ ਤੇ ਗ਼ਦਰੀ ਬਾਬਾ ਹਰਨਾਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਦਾ ਨਾਂਅ ਰੱਖਿਆ ਗਿਆ ਪਰ ਉਨ੍ਹਾਂ ਦੇ ਪਰਿਵਾਰ ਦੀ ਅੱਜ ਤੱਕ ਕਿਸੇ ਵੀ ਭਾਰਤੀ ਹਕੂਮਤ ਨੇ ਸਾਰ ਨਹੀਂ ਲਈ | ਉਨ੍ਹਾਂ ਨੂੰ ਸਰੀਰਕ ਤੌਰ 'ਤੇ ਜਹਾਨੋਂ ਗਿਆ 6 ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜ਼ਰਾਲ ਅਤੇ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵਰਗੇ ਲੀਡਰਾਂ ਨੇ ਬਾਬਾ ਜੀ ਦੇ ਪਰਿਵਾਰ ਨੂੰ ਕਈ ਵਾਰ ਭਰੋਸਾ ਦਿਵਾਇਆ ਕਿ ਅੰਗਰੇਜ਼ ਹਕੂਮਤ ਵੱਲੋਂ ਉਨ੍ਹਾਂ ਦੀ ਕੁਰਕ ਹੋਈ ਜ਼ਮੀਨ ਵਾਪਸ ਕਰਵਾਈ ਜਾਵੇਗੀ ਪਰ ਇਹ ਸਿਰਫ਼ ਲਾਰੇ ਹੀ ਨਿਕਲੇ ਅਤੇ ਹੁਣ ਤਾਂ ਇਨਾਂ ਮਹਰੂਮ ਹੋ ਚੁੱਕੇ ਲੀਡਰਾਂ ਨਾਲ ਉਹ ਲਾਰੇ ਵੀ ਦਫ਼ਨ ਹੀ ਹੋ ਗਏ | ਅੱਜ ਤੱਕ ਕਿਸੇ ਵੀ ਸਰਕਾਰ ਨੇ ਗ਼ਦਰੀ ਬਾਬਾ ਹਰਨਾਮ ਸਿੰਘ ਜੀ ਦੇ ਪਰਿਵਾਰ ਦੀ ਸਾਰ ਤੱਕ ਨਹੀਂ ਲਈ ਤੇ ਉਨ੍ਹਾਂ ਦਾ ਪਰਿਵਾਰ ਅੱਜ ਵੀ ਉਡੀਕ ਰਿਹਾ ਹੈ ਕਿ ਸ਼ਾਇਦ ਕੋਈ ਹਕੂਮਤ ਉਨ੍ਹਾਂ ਦੀ ਸਾਰ ਲਵੇਗੀ | 18 ਮਈ ਦਿਨ ਸੋਮਵਾਰ ਨੂੰ ਕਸਬਾ ਕਾਲਾ ਸੰਘਿਆਂ ਦੇ ਗੁਰਦੁਆਰਾ ਘੰਟਾ ਘਰ ਵਿਖੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਵੱਲੋਂ ਉਨ੍ਹਾਂ ਦੀ 48ਵੀਂ ਬਰਸੀਂ ਮਨਾਈ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਨਗਰ ਨਿਗਮ ਦੀਆਂ ਚੋਣਾਂ ਵਿਚ 50 ਵਾਰਡਾਂ 'ਚੋਂ 23 ਉਮੀਦਵਾਰ ਚੋਣ ਮੈਦਾਨ ਵਿਚ ਉਤਾਰੇ ਅਗਲੀ ਖ਼ਬਰ ਵਾਰਡ ਨੰਬਰ 9 ਤੋਂ ਭਾਜਪਾ ਉਮੀਦਵਾਰ ਪਾਰਸ ਸਭਰਵਾਲ ਦੇ ਹੱਕ ਵਿਚ ਪਾਰਟੀ ਆਗੂਆਂ ਵਲੋਂ ਚੋਣ ਪ੍ਰਚਾਰ <br/>
Ad Position 24