ਕਪੂਰਥਲਾ, 21 ਮਈ (ਅਮਰਜੀਤ ਕੋਮਲ)-ਜ਼ਿਲ੍ਹੇ ਵਿਚ ਪ੍ਰੀ.ਐੱਸ.ਆਈ.ਆਰ. ਦੌਰਾਨ ਵੋਟਰ ਮੈਪਿੰਗ ਦਾ ਕੰਮ 82.01 ਪ੍ਰਤੀਸ਼ਤ ਹੋ ਚੁੱਕਾ ਹੈ ਤੇ ਜ਼ਿਲ੍ਹੇ ਦੇ ਕੁੱਲ 6 ਲੱਖ 15410 ਵੋਟਰਾਂ ਵਿਚੋਂ 5 ਲੱਖ 4685 ਵੋਟਰਾਂ ਦਾ ਸਾਲ 2003 ਦੀ ਵੋਟਰ ਸੂਚੀ ਨਾਲ ਮਿਲਾਣ ਕਰ ਲਿਆ ਗਿਆ ਹੈ | ਇਹ ਜਾਣਕਾਰੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਕਮ ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਸਿਵ ਰਵੀਜ਼ਨ (ਐੱਸ.ਆਈ.ਆਰ.) ਦੇ ਕਾਰਜ ਨੂੰ ਨਿਰਵਿਘਨ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਐੱਸ.ਆਈ.ਆਰ. ਦੇ ਕੰਮ ਨੂੰ ਮੁਕੰਮਲ ਕਰਨ ਲਈ 791 ਪੋਿਲੰਗ ਬੂਥਾਂ 'ਤੇ 791 ਬੀ.ਐਲ.ਓਜ਼ ਅਤੇ 77 ਸੈਕਟਰ ਅਫ਼ਸਰ ਤਾਇਨਾਤ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਐੱਸ.ਆਈ.ਆਰ. ਤਹਿਤ ਚੋਣ ਅਫ਼ਸਰਾਂ, ਸੁਪਰਵਾਈਜ਼ਰ ਅਤੇ ਬੀ.ਐਲ.ਓਜ਼ ਨੂੰ ਟਰੇਨਿੰਗ ਦੇਣ ਤੇ ਫਾਰਮ ਡਾਊਨਲੋਡਿੰਗ ਦਾ ਕੰਮ 15 ਜੂਨ ਤੋਂ 24 ਜੂਨ ਤੱਕ ਕੀਤਾ ਜਾਵੇਗਾ ਤੇ 25 ਜੂਨ ਤੋਂ 24 ਜੁਲਾਈ ਤੱਕ ਬੀ.ਐਲ.ਓਜ਼ ਘਰ ਘਰ ਜਾ ਕੇ ਪ੍ਰੀ ਪਿ੍ਟਿੰਡ ਫਾਰਮ ਵੋਟਰਾਂ ਨੂੰ ਤਕਸੀਮ ਕਰਨਗੇ ਤੇ ਪੋਿਲੰਗ ਸਟੇਸ਼ਨ ਦਾ ਪੁਨਰ ਗਠਨ ਵੀ 24 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਵੇਗਾ | ਉਪਰੰਤ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾਂ 31 ਜੁਲਾਈ ਨੂੰ ਕੀਤੀ ਜਾਵੇਗੀ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 31 ਜੁਲਾਈ ਤੋਂ 30 ਅਗਸਤ ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ ਤੇ ਇਨ੍ਹਾਂ ਦਾ ਨਿਪਟਾਰਾ 28 ਸਤੰਬਰ ਤੱਕ ਕੀਤਾ ਜਾਵੇਗਾ ਤੇ 1 ਅਕਤੂਬਰ ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਕਰ ਦਿੱਤੀ ਜਾਵੇਗੀ | ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰਜ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਦੇ 4 ਵਿਧਾਨ ਸਭਾ ਹਲਕਿਆਂ ਭੁਲੱਥ, ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਫਗਵਾੜਾ ਦੇ 791 ਪੋਿਲੰਗ ਬੂਥਾਂ 'ਤੇ ਆਪਣੇ ਬੂਥ ਲੈਵਲ ਏਜੰਟ ਹਲਕਾ ਪੱਧਰ 'ਤੇ ਜ਼ਰੂਰ ਨਿਯੁਕਤ ਕਰਨ | ਮੀਟਿੰਗ ਵਿਚ ਚੋਣ ਤਹਿਸੀਲਦਾਰ ਅਰਮਿੰਦਰਪਾਲ ਸਿੰਘ, ਚੋਣ ਕਾਨੂੰਗੋ ਪੂਜਾ ਕੱਕੜ ਤੋਂ ਇਲਾਵਾ ਕਾਂਗਰਸ ਦੇ ਨੁਮਾਇੰਦੇ ਪਰਮਿੰਦਰ ਸਿੰਘ, ਜਤਿਨ ਸ਼ਰਮਾ, ਦਵਿੰਦਰ ਕੁਮਾਰ ਤੇ ਮਹਿੰਦਰਪਾਲ, ਸ਼ੋ੍ਰਮਣੀ ਅਕਾਲੀ ਦਲ ਤੋਂ ਅਜੈ ਬਬਲਾ, ਤਨਵੀਰ ਸਿੰਘ ਰੰਧਾਵਾ ਤੇ ਗਗਨਦੀਪ ਸਿੰਘ, ਆਮ ਆਦਮੀ ਪਾਰਟੀ ਤੋਂ ਪਰਵਿੰਦਰ ਸਿੰਘ ਢੋਟ, ਭਾਜਪਾ ਤੋਂ ਟੇਕ ਸ਼ਰਮਾ, ਐਡਵੋਕੇਟ ਹੈਰੀ ਸ਼ਰਮਾ, ਬਸਪਾ ਤੋਂ ਰਕੇਸ਼ ਕੁਮਾਰ, ਸੀ.ਪੀ.ਆਈ. ਤੋਂ ਕਾਮਰੇਡ ਕੇ.ਐਲ. ਕੌਸ਼ਲ, ਇਨਸਾਨੀਅਤ ਲੋਕ ਇਨਸਾਫ਼ ਪਾਰਟੀ ਤੋਂ ਸਰਦੂਲ ਸਿੰਘ, ਬੀ.ਐੱਸ.ਪੀ. ਅੰਬੇਡਕਰ ਤੋਂ ਰਣਜੀਤ ਸਿੰਘ ਆਦਿ ਹਾਜ਼ਰ ਸਨ |