03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਗਰ ਕੌਂਸਲ ਕਪੂਰਥਲਾ ਦੀ 26 ਮਈ ਨੂੰ ਹੋਣ ਵਾਲੀ ਚੋਣ ਵਿਚ 50 ਵਾਰਡਾਂ ਤੋਂ 182 ਉਮੀਦਵਾਰ ਚੋਣ ਮੈਦਾਨ ਵਿਚ

Ad Position 21
No active advertisement
ਅਜੀਤ ਡੈਸਕ 25-05-2026
ਕਪੂਰਥਲਾ, 24 ਮਈ (ਅਮਰਜੀਤ ਕੋਮਲ)-ਨਗਰ ਕੌਂਸਲ ਕਪੂਰਥਲਾ ਦੀ 26 ਮਈ ਨੂੰ ਹੋਣ ਵਾਲੀ ਚੋਣ ਵਿਚ ਨਿਗਮ ਦੇ 50 ਵਾਰਡਾਂ ਵਿਚੋਂ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਸ਼ੋ੍ਰਮਣੀ ਅਕਾਲੀ ਦਲ ਤੇ ਅਕਾਲੀ ਦਲ ਵਾਰਿਸ ਪੰਜਾਬ ਸਮੇਤ 182 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ | ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਅੱਜ ਪ੍ਰਚਾਰ ਦੇ ਆਖ਼ਰੀ ਦਿਨ ਪਾਸਾ ਪਲਟਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ | ਉਮੀਦਵਾਰਾਂ ਵਲੋਂ ਵੋਟਰਾਂ ਨੂੰ ਆਪਣੇ ਹੱਕ ਵਿਚ ਕਰਨ ਲਈ ਉਨ੍ਹਾਂ ਨੂੰ ਕਈ ਲਾਅਰੇ ਲਗਾਏ ਜਾ ਰਹੇ ਹਨ ਤੇ ਕਈ ਲੁਭਾਉਣ ਵਾਲੀਆਂ ਸਕੀਮਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ | ਨਿਗਮ ਦੀ ਚੋਣ ਵਿਚ ਹਰ ਤਰ੍ਹਾਂ ਦੇ ਲੋਕਾਂ ਦੇ ਸਰੋਕਾਰਾਂ ਨੂੰ ਅੱਖੋਂ ਪਰੋਖੇ ਕਰਕੇ ਕੇਵਲ ਚੋਣ ਜਿੱਤਣ ਦੇ ਮਨੋਰਥ ਨਾਲ ਜਾਤ ਤੇ ਬਰਾਦਰੀ ਦੇ ਆਧਾਰਿਤ ਵੋਟ ਮੰਗ ਰਹੇ ਹਨ | ਜਿਹੜੇ ਵਿਅਕਤੀਆਂ ਨੂੰ ਆਪਣੀ ਮਾਂ ਪਾਰਟੀ ਵਿਚ ਟਿਕਟ ਨਹੀਂ ਮਿਲੀ, ਉਹ ਦੂਜੀਆਂ ਪਾਰਟੀ ਵਿਚ ਸ਼ਾਮਲ ਹੋ ਕੇ ਉਨ੍ਹਾਂ ਦੀ ਟਿਕਟ 'ਤੇ ਚੋਣ ਲੜ੍ਹ ਰਹੇ ਹਨ | ਪੁਰਾਣੀਆਂ ਵਫ਼ਾਦਾਰੀਆਂ ਨੂੰ ਤਲਾਂਜਲੀ ਦੇ ਕੇ ਹੁਣ ਨਵੀਆਂ ਵਫ਼ਦਾਰੀਆਂ ਨਿਭਾਈਆਂ ਜਾ ਰਹੀਆਂ ਹਨ | ਚੋਣ ਦੌਰਾਨ ਸ਼ਰਾਬ ਦੇ ਜਾਮ ਚੱਲ ਰਹੇ ਹਨ ਤੇ ਸਾਰੀਆਂ ਸਿਆਸੀ ਪਾਰਟੀਆਂ ਵਿਧਾਨ ਸਭਾ 2027 ਦੀ ਮੁੱਖ ਚੋਣ ਨੂੰ ਮੁੱਖ ਰੱਖਦਿਆਂ ਆਪਣੇ ਵਕਾਰ ਦਾ ਸਵਾਲ ਬਣਾ ਕੇ ਚੋਣ ਲੜ੍ਹ ਰਹੀਆਂ ਹਨ | ਨਗਰ ਨਿਗਮ ਦੇ ਵਾਰਡ ਨੰਬਰ 1, 2, 3, 5, 6, 13, 15, 17, 29, 31, 33, 35, 36, 37, 41, 44, 48, 50 ਵਾਰਡਾਂ ਵਿਚ ਤਿਕੋਣੇ ਮੁਕਾਬਲੇ ਹਨ, ਜਦਕਿ ਵਾਰਡ ਨੰਬਰ 8, 14, 20, 30, 32 ਵਿਚ ਸਿੱਧੇ ਮੁਕਾਬਲੇ ਹਨ | ਇਸੇ ਤਰ੍ਹਾਂ ਵਾਰਡ ਨੰਬਰ 4, 10, 11,12, 19, 22, 23, 26, 27, 28, 34, 42, 43, 45 ਤੇ 49 ਵਿਚ ਚਾਰਕੋਨੇ ਮੁਕਾਬਲੇ ਹਨ | ਇਸੇ ਤਰ੍ਹਾਂ ਵਾਰਡ ਨੰਬਰ 9, 18, 38, 40 ਵਿਚ ਪੰਜਕੋਨੇ, ਵਾਰਡ ਨੰਬਰ 24, 39 ਤੇ 47 ਵਿਚ ਸਤਕੋਨੇ, ਵਾਰਡ ਨੰਬਰ 46 ਵਿਚ ਛੇਕੋਨਾ ਮੁਕਾਬਲਾ ਹੈ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਦੀ ਚੋਣ ਵਿਚ ਕਾਂਗਰਸ ਦੇ 50, ਆਮ ਆਦਮੀ ਪਾਰਟੀ ਦੇ 50, ਭਾਜਪਾ ਦੇ 34, ਅਕਾਲੀ ਦਲ ਦੇ 23 ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ, ਜਦਕਿ ਅਕਾਲੀ ਦਲ ਵਾਰਿਸ ਪੰਜਾਬ ਦੇ 11 ਉਮੀਦਵਾਰਾਂ ਮਾਈਕ ਚੋਣ ਨਿਸ਼ਾਨ ਤੇ ਹੋਰ ਵਾਰਡਾਂ ਤੋਂ ਚੋਣ ਲੜ੍ਹ ਰਹੇ ਆਜ਼ਾਦ ਉਮੀਦਵਾਰ ਵੱਖਰੇ-ਵੱਖਰੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਹਨ | ਜਿੱਥੋਂ ਤੱਕ ਕਾਂਗਰਸ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਦਾ ਸਵਾਲ ਹੈ, ਉਨ੍ਹਾਂ ਦੀ ਚੋਣ ਮੁਹਿੰਮ ਦੀ ਕਮਾਂਡ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ, ਸਾਬਕਾ ਵਿਧਾਇਕ ਰਾਜਬੰਸ ਕੌਰ ਰਾਣਾ ਵਲੋਂ ਸੰਭਾਲੀ ਗਈ ਹੈ | ਇਸੇ ਤਰ੍ਹਾਂ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿਚ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਵਿਚ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਅਕਾਲੀ ਦਲ ਦੀ ਭਾਜਪਾ ਦੀ ਸੂਬਾਈ ਆਗੂ ਜੈਸਮੀਨ ਕੌਰ ਸੰਧਾਵਾਲੀਆ, ਸਹਾਇਕ ਚੋਣ ਇੰਚਾਰਜ ਅਨਿਲ ਸੱਚਰ ਤੇ ਪਾਰਟੀ ਦੇ ਸਥਾਨਕ ਆਗੂ ਇਕਜੁੱਟ ਹੋ ਕੇ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ, ਜਦਕਿ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ਵਿਚ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ.ਐਸ. ਵਾਲੀਆ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਚੋਣ ਪ੍ਰਚਾਰ ਕਰ ਰਹੇ ਹਨ | ਜਿੱਥੋਂ ਤੱਕ ਅਕਾਲੀ ਦਲ ਵਾਰਿਸ ਪੰਜਾਬ ਦਾ ਸਵਾਲ ਹੈ, ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤੇ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਦੇ ਪਿਤਾ ਬਾਪੂ ਤਰਸੇਮ ਸਿੰਘ ਦੀ ਦੇਖ ਰੇਖ ਹੇਠ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਤੇ ਉਨ੍ਹਾਂ ਦੀ ਟੀਮ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਚੋਣ ਮੁਹਿੰਮ ਦੌਰਾਨ ਏਕਤਾ ਪਾਰਟੀ ਦੇ ਪ੍ਰਧਾਨ ਗੁਰਮੀਤ ਲਾਲ ਬਿੱਟੂ ਵਲੋਂ ਕਾਂਗਰਸ ਨਾਲ ਸਬੰਧਿਤ ਉਮੀਦਵਾਰ ਬਿੱਲੂ ਚੌਧਰੀ ਸਮੇਤ ਹੋਰ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਜਾ ਚੁੱਕਾ ਹੈ, ਜਿਸ ਕਾਰਨ ਵੱਖ-ਵੱਖ ਵਾਰਡਾਂ ਵਿਚ ਕਾਂਗਰਸ ਉਮੀਦਵਾਰਾਂ ਦੀ ਸਥਿਤੀ ਮਜ਼ਬੂਤ ਹੋਈ ਹੈ | ਇੱਥੇ ਵਰਨਣਯੋਗ ਹੈ ਕਿ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਦੀ ਚੋਣ ਮੁਹਿੰਮ ਵਿਚੋਂ ਪਾਰਟੀ ਦੇ ਕੁਝ ਸੀਨੀਅਰ ਆਗੂ ਨਦਾਰਦ ਹਨ |
Ad Position 22
No active advertisement
ਪਿਛਲੀ ਖ਼ਬਰ ਮਾਤਾ ਕੁਲਵੰਤ ਕੌਰ ਵੱਲੋਂ ਗੁਰਦੁਆਰਾ ਬੇਰ ਸਾਹਿਬ ਵਿਖੇ 25 ਲੱਖ ਦੀਆਂ ਸੇਵਾਵਾਂ ਦਿੱਤੀਆਂ •ਮਾਤਾ ਕੁਲਵੰਤ ਕੌਰ ਦਾ ਪ੍ਰ... ਅਗਲੀ ਖ਼ਬਰ ਅਕਾਲੀ ਦਲ ਦੀ ਵਾਰਡ ਨੰਬਰ 21 ਤੋਂ ਉਮੀਦਵਾਰ ਦਾਖੋ ਦੇਵੀ ਦੇ ਹੱਕ ਵਿਚ ਅਕਾਲੀ ਆਗੂਆਂ ਵਲੋਂ ਚੋਣ ਪ੍ਰਚਾਰ
Ad Position 24