ਖਲਵਾੜਾ, 25 ਮਈ (ਮਨਦੀਪ ਸਿੰਘ ਸੰਧੂ)-ਜਠੇਰੇ ਬੰਗੜ ਵੈੱਲਫੇਅਰ ਕਮੇਟੀ ਵਲੋਂ ਬੰਗੜ ਜਠੇਰਿਆਂ ਦਾ 29ਵਾਂ ਸਾਲਾਨਾ ਜੋੜ ਮੇਲਾ ਪਿੰਡ ਸਾਹਨੀ ਤਹਿਸੀਲ ਫਗਵਾੜਾ ਵਿਖੇ ਕਮੇਟੀ ਪ੍ਰਧਾਨ ਬਹਾਦਰ ਸਿੰਘ ਬੰਗੜ ਪਿੰਡ ਕਿਸ਼ਨਪੁਰ ਦੀ ਅਗਵਾਈ ਹੇਠ ਸਮੂਹ ਬੰਗੜ ਪਰਿਵਾਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ | ਜੋ ਕਿ ਆਪਣੀਆਂ ਅਮਿਟ ਯਾਦਾਂ ਛੱਡਦਾ ਸੰਪੰਨ ਹੋਇਆ | ਸਵੇਰੇ ਸ੍ਰੀ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਤੇ ਬੰਗੜ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਤੋਂ ਬਾਅਦ ਸਮੂਹ ਬੰਗੜ ਪਰਿਵਾਰਾਂ ਵਲੋਂ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਲਿਆ ਗਿਆ | ਉਪਰੰਤ ਧਾਰਮਿਕ ਤੇ ਸਭਿਆਚਾਰਕ ਸਟੇਜ ਸਜਾਈ ਗਈ | ਜਿਸ ਵਿਚ ਗਾਇਕ ਕੇ.ਐੱਸ. ਮਹਿਮੀ ਅਤੇ ਬੀਬਾ ਸੋਨੀਆ ਮਹਿਮੀ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਐੱਸ.ਐੱਚ.ਓ. ਰਾਵਲਪਿੰਡੀ ਮੇਜਰ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਸਾਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਤੇ ਕਿਹਾ ਕਿ ਪੰਜਾਬੀ ਵਿਰਸੇ ਨਾਲ ਜੁੜੇ ਇਹ ਮੇਲੇ ਸਾਡੇ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ | ਉਨ੍ਹਾਂ ਮਾਪਿਆਂ ਤੇ ਘਰ ਦੇ ਬਜ਼ੁਰਗਾਂ ਦਾ ਸਤਿਕਾਰ ਕਰਨ ਦਾ ਸੁਨੇਹਾ ਵੀ ਦਿੱਤਾ | ਨਾਲ ਹੀ ਬੱਚਿਆਂ ਤੇ ਨੌਜਵਾਨਾਂ ਨੂੰ ਨਸ਼ਿਆਂ ਸਮੇਤ ਹਰ ਬੁਰਾਈ ਤੋਂ ਦੂਰ ਰਹਿੰਦੇ ਹੋਏ ਆਪਣੇ ਪੁਰਖਿਆਂ ਦਾ ਨਾਮ ਰੌਸ਼ਨ ਕਰਨ ਦੀ ਅਪੀਲ ਕੀਤੀ | ਕਮੇਟੀ ਪ੍ਰਧਾਨ ਬਹਾਦਰ ਸਿੰਘ ਬੰਗੜ, ਮੀਤ ਪ੍ਰਧਾਨ ਰਾਜਕੁਮਾਰ ਬੰਗੜ ਅਤੇ ਜਨਰਲ ਸਕੱਤਰ ਸੰਤੋਖ ਦਾਸ ਬੰਗੜ ਵਲੋਂ ਪਤਵੰਤਿਆਂ, ਗਾਇਕ ਕਲਾਕਾਰਾਂ, ਸਹਿਯੋਗੀਆਂ ਤੇ ਸੇਵਾਦਾਰਾਂ ਨੂੰ ਸਨਮਾਨਿਤ ਕੀਤਾ ਗਿਆ | ਚਾਹ ਪਕੌੜੇ, ਠੰਢੇ ਮਿੱਠੇ ਜਲ ਦੀ ਛਬੀਲ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਰਾਕੇਸ਼ ਕੁਮਾਰ ਬੰਗੜ ਚੱਕ ਪ੍ਰੇਮਾ, ਸੰਤੋਖ ਦਾਸ ਬੰਗੜ ਜਨਰਲ ਸਕੱਤਰ, ਵਰਿੰਦਰ ਕੁਮਾਰ ਕੈਸ਼ੀਅਰ, ਸਹਿ ਸਕੱਤਰ ਪਿ੍ਥਵੀ ਪਾਲ ਬੰਗੜ, ਰਾਜਕੁਮਾਰ ਬੰਗੜ ਜੁਆਇੰਟ ਕੈਸ਼ੀਅਰ, ਸਲਾਹਕਾਰ ਮਨੋਹਰ ਲਾਲ ਅਤੇ ਤਰਸੇਮ ਲਾਲ ਬੰਗੜ ਤੋਂ ਇਲਾਵਾ ਜਸਵਿੰਦਰ ਸਿੰਘ ਬੰਗੜ, ਅਜੇ ਕੁਮਾਰ ਬੰਗੜ, ਧਰਮਪਾਲ ਬੰਗੜ ਅਤੇ ਨੀਲਮ ਕੁਮਾਰ ਬੰਗੜ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੰਗੜ ਪਰਿਵਾਰ ਹਾਜ਼ਰ ਸਨ |