ਭੁਲੱਥ, 25 ਮਈ (ਮਨਜੀਤ ਸਿੰਘ ਰਤਨ)-ਭੁਲੱਥ ਇਲਾਕੇ ਦੇ ਮਾਣਮੱਤੇ ਪ੍ਰਸਿੱਧ ਐਥਲੀਟ ਡਾ. ਸੁਨੀਲ ਸ਼ਰਮਾ ਨੇ ਇੱਕ ਵਾਰ ਫਿਰ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕਰਦਿਆਂ ਦੱਖਣੀ ਅਫਰੀਕਾ ਦੇ ਕੈਪਟਾਊਨ ਵਿਚ ਹੋਈ 42 ਕਿੱਲੋਮੀਟਰ ਮੈਰਾਥਨ ਨੂੰ ਸਿਰਫ਼ 3 ਘੰਟੇ 24 ਮਿੰਟ ਵਿਚ ਪੂਰਾ ਕਰਕੇ ਆਪਣੇ ਸ਼ਹਿਰ ਭੁਲੱਥ ਸਮੇਤ ਪੰਜਾਬ ਅਤੇ ਪੂਰੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ | ਦੁਨੀਆ ਭਰ ਦੀਆਂ ਮੁਸ਼ਕਲ ਅਤੇ ਪ੍ਰਸਿੱਧ ਮੈਰਾਥਨਾਂ ਵਿਚ ਆਪਣੀ ਪਛਾਣ ਬਣਾਉਣ ਵਾਲੇ ਡਾ. ਸੁਨੀਲ ਸ਼ਰਮਾ ਜੀ ਇਸ ਤੋਂ ਪਹਿਲਾਂ ਬੋਸਟਨ, ਨਿਊਯਾਰਕ, ਸ਼ਿਕਾਗੋ, ਬਰਲਿਨ, ਜਪਾਨ, ਲੰਡਨ ਅਤੇ ਮੈਲਬੋਰਨ ਵਰਗੀਆਂ ਵਿਸ਼ਵ ਪ੍ਰਸਿੱਧ ਮੈਰਾਥਨ ਦੌੜਾਂ ਸਫਲਤਾਪੂਰਵਕ ਪੂਰੀ ਕਰ ਚੁੱਕੇ ਹਨ | ਇਹ ਵਿਲੱਖਣ ਤੇ ਉੱਚ ਪੱਧਰੀ ਉਪਲਬਧੀ ਹਾਸਲ ਕਰਨ ਉਪਰੰਤ ਉਹਨਾਂ ਨੂੰ ਪਹਿਲਾਂ 7 ਸਟਾਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ, ਜਦਕਿ ਹੁਣ ਕੈਪਟਨ ਮੈਰਾਥਨ ਪੂਰੀ ਕਰਨ ਤੋਂ ਬਾਅਦ ਉਹਨਾਂ ਨੂੰ 8 ਸਟਾਰ ਮੈਡਲ ਨਾਲ ਵੀ ਨਿਵਾਜਿਆ ਗਿਆ ਹੈ | ਡਾ. ਸੁਨੀਲ ਸ਼ਰਮਾ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਮੂਹ ਭੁਲੱਥ ਇਲਾਕੇ ਵਿਚ ਖੁਸ਼ੀ ਅਤੇ ਮਾਣ ਦੀ ਲਹਿਰ ਪਾਈ ਜਾ ਰਹੀ ਹੈ | ਸਮਾਜਿਕ, ਖੇਡ ਅਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਵੱਖ-ਵੱਖ ਆਗੂਆਂ ਵੱਲੋਂ ਵੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਜ਼ਿਕਰਯੋਗ ਕਿ ਉਹਨਾਂ ਆਪਣੀ ਮਿਹਨਤ ਤੇ ਜਜ਼ਬੇ ਨਾਲ ਨਾ ਸਿਰਫ਼ ਇਤਿਹਾਸ ਬਣਾਇਆ ਸਗੋਂ ਮੈਰਾਥਨ ਜਗਤ ਦੀ ਇੱਕ ਨਾਮਵਰ ਹਸਤੀ ਵਜੋਂ ਜਾਣੇ ਜਾਂਦੇ ਅਤੇ ਮੈਰਾਥਨ ਦੇ ਵਿਸ਼ਵ ਭਰ ਦੇ ਨਾਮੀ ਖਿਡਾਰੀਆਂ ਚੋ ਇੱਕ ਹਨ | ਭੁਲੱਥ ਵਾਸੀਆਂ ਨੇ ਕਿਹਾ ਕਿ ਸੁਨੀਲ ਸ਼ਰਮਾ ਵਰਗੀਆਂ ਸ਼ਖ਼ਸੀਅਤਾਂ ਨੌਜਵਾਨ ਪੀੜ੍ਹੀ ਲਈ ਪੇ੍ਰਰਨਾ ਸਰੋਤ ਹਨ, ਜੋ ਆਪਣੀ ਮਿਹਨਤ ਅਤੇ ਲਗਨ ਨਾਲ ਵਿਸ਼ਵ ਪੱਧਰ 'ਤੇ ਇਲਾਕੇ ਦਾ ਨਾਮ ਚਮਕਾ ਰਹੇ ਹਨ |