ਕਪੂਰਥਲਾ, 26 ਮਈ (ਅਮਰਜੀਤ ਸਿੰਘ ਸਡਾਨਾ)-ਨਗਰ ਨਿਗਮ ਚੋਣਾਂ ਦੌਰਾਨ ਡੀ.ਆਈ.ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਵਲੋਂ ਵੱਖ-ਵੱਖ ਵਾਰਡਾਂ ਵਿਚ ਬਣੇ ਸੰਵੇਦਨਸ਼ੀਲ ਬੂਥਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਪੂਰਥਲਾ ਵਿਖੇ ਸ਼ੇਖੂਪੁਰ, ਹਿੰਦੂ ਪੁੱਤਰੀ ਪਾਠਸ਼ਾਲਾ ਤੇ ਸ਼ਾਲੀਮਾਰ ਬਾਗ ਵਿਖੇ ਬਣੇ ਪੋਿਲੰਗ ਬੂਥਾਂ ਦਾ ਨਿਰੀਖਣ ਕੀਤਾ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ | ਡੀ.ਆਈ.ਜੀ. ਸਿੰਗਲਾ ਦੇ ਨਾਲ ਐਸ.ਐਸ.ਪੀ. ਗੌਰਵ ਤੂਰਾ, ਐਸ.ਪੀ. ਹੈੱਡ ਕੁਆਰਟਰ ਗੁਰਪ੍ਰੀਤ ਸਿੰਘ, ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਆਈ.ਜੀ. ਸਿੰਗਲਾ ਨੇ ਕਿਹਾ ਕਿ ਚੋਣਾਂ ਨੂੰ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਾਉਣ ਲਈ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਤੋਂ ਜਿੱਥੇ ਜਲੰਧਰ ਰੇਂਜ ਵਿਚ ਚੋਣਾਂ ਚੱਲ ਰਹੀਆਂ ਹਨ ਉਨ੍ਹਾਂ ਥਾਵਾਂ 'ਤੇ ਕੁੱਲ ਤਿੰਨ ਹਜ਼ਾਰ ਪੁਲਿਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ 86 ਵਿਚੋਂ 53 ਬੂਥ ਸੰਵੇਦਨਸ਼ੀਲ ਸਨ ਜਿਨ੍ਹਾਂ ਵੱਲ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ ਤੇ ਨਾਕਾਬੰਦੀ ਟੀਮਾਂ ਦੇ ਨਾਲ-ਨਾਲ ਬੂਥਾਂ 'ਤੇ ਪੈਟਰੋਿਲੰਗ ਕਰਨ ਲਈ ਟੀਮਾਂ ਵੀ ਲਗਾਈਆਂ ਗਈਆਂ ਸਨ | ਡੀ.ਆਈ.ਜੀ. ਨਵੀਨ ਸਿੰਗਲਾ ਨੇ ਕਿਹਾ ਕਿ ਚੋਣਾਂ ਤੋਂ ਇਕ ਦਿਨ ਪਹਿਲਾਂ ਜੋ ਵੱਖ-ਵੱਖ ਵਾਰਡਾਂ ਵਿਚ ਇੱਕਾ ਦੁੱਕਾ ਲੜਾਈ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਉਸ ਸਬੰਧੀ ਵੀ ਐਸ.ਐਸ.ਪੀ. ਗੌਰਵ ਤੂਰਾ ਨੇ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ | ਇਨ੍ਹਾਂ ਘਟਨਾਵਾਂ ਨੂੰ ਲੈ ਕੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ |
ਚੋਣਾਂ ਦੌਰਾਨ ਡੀ.ਆਈ.ਜੀ. ਸਿੰਗਲਾ ਤੇ ਐਸ.ਐਸ.ਪੀ. ਗੌਰਵ ਤੂਰਾ ਨੇ ਕੀਤਾ ਸੰਵੇਦਨਸ਼ੀਲ ਬੂਥਾਂ ਦਾ ਦੌਰਾ <br/>
ਅਜੀਤ ਡੈਸਕ
27-05-2026