ਜਲੰਧਰ, 26 ਮਈ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਕੌਮੀ ਕਨਵੀਨਰ ਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਚਾਰਾ ਮੰਡੀ ਜਮਸ਼ੇਰ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀਣ ਲਈ ਸਾਫ ਪਾਣੀ ਅਤੇ ਸਾਹ ਲੈਣ ਲਈ ਸ਼ੁੱਧ ਹਵਾ ਦੀ ਮੰਗ ਕਰਨਾ ਹਰ ਇੱਕ ਇਨਸਾਨ ਦਾ ਇਖਲਾਕੀ ਤੇ ਸੰਵਿਧਾਨਕ ਹੱਕ ਬਣਦਾ ਹੈ ਪਰ ਅੱਜ ਸਰਕਾਰਾਂ ਵਲੋਂ ਕੁੱਝ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਲੋਕਾਂ ਕੋਲੋਂ ਸਾਫ ਹਵਾ ਤੇ ਸ਼ੁੱਧ ਪਾਣੀ ਦਾ ਅਧਿਕਾਰ ਵੀ ਖੋਹ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਜਥੇਬੰਦੀ ਤੇ ਚਾਰਾ ਮੰਡੀ ਦੇ ਆੜ੍ਹਤੀਆਂ ਅਤੇ ਹੋਰਨਾਂ ਕਿਸਾਨਾਂ ਨਾਲ ਵਾਅਦਾ ਖਿਲਾਫੀ ਕਰਦੇ ਹੋਏ ਇਸ ਚਾਰਾ ਮੰਡੀ ਦੀ ਥਾਂ 'ਤੇ ਗੈਸ ਪਲਾਂਟ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਲੋਕਾਂ ਦੇ ਬੁਨਿਆਦੀ ਹੱਕਾਂ ਨੂੰ ਖੋਹਣ ਦੀ ਸਾਜਿਸ਼ ਤਹਿਤ ਹੀ ਪੂਰੇ ਦੁਆਬੇ ਦੀ ਚਾਰਾ ਮੰਡੀ ਜਮਸ਼ੇਰ ਵਿੱਚ ਮੰਡੀ ਨੂੰ ਖਤਮ ਕਰਕੇ ਗੈਸ ਪਲਾਂਟ ਲਗਾਉਣ ਲਈ ਪ੍ਰਸ਼ਾਸ਼ਨ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਇਹ ਕਤਈ ਨਾ ਸੋਚੇ ਕਿ ਉਹ ਆਪਣੇ ਬੀਤੀ 2 ਫਰਵਰੀ ਨੂੰ ਆਮ ਲੋਕਾਂ ਵੱਲੋਂ ਜਥੇਬੰਦੀ ਦੇ ਸਹਿਯੋਗ ਨਾਲ ਸੜਕ ਬੰਦ ਕਰਕੇ ਕੀਤੇ ਗਏ ਰੋਸ ਪ੍ਰਦਰਸ਼ਨ ਸਮੇਂ ਜੁਆਇੰਟ ਕਮਿਸ਼ਨਰ ਨਗਰ ਨਿਗਮ ਦੇ ਰਾਹੀਂ ਧਰਨਾ ਸਥਾਨ ਉੱਪਰ ਪਹੁੰਚ ਕੇ ਕੀਤੇ ਗਏ ਵਾਅਦੇ ਕਿ ਇਸ ਚਾਰਾ ਮੰਡੀ ਦੀ ਜਗ੍ਹਾ ਉੱਪਰ ਗੈਸ ਪਲਾਂਟ ਨਹੀਂ ਲਗਾਇਆ ਜਾਵੇਗਾ ਤੋਂ ਮੁੱਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਆਮ ਲੋਕਾਂ ਦੇ ਸ਼ੁੱਧ ਹਵਾ ਦੇ ਵਿੱਚ ਸਾਹ ਲੈਣ ਦੇ ਹੱਕ ਦੀ ਰਾਖੀ ਕਰੇ ਅਤੇ ਜੇਕਰ ਸਰਕਾਰ ਵਲੋਂ ਦੁਬਾਰਾ ਕੋਈ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਜਥੇਬੰਦੀ ਵੱਲੋਂ ਮਜਬੂਰੀਵੱਸ ਪੰਜਾਬ ਪੱਧਰ ਉੱਪਰ ਕੋਈ ਅੰਦੋਲਨ ਕਰਨਾ ਪਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਕੁਲਵਿੰਦਰ ਸਿੰਘ ਮਛਿਆਣਾ, ਜ਼ਿਲ੍ਹਾ ਸਰਪਰਸਤ ਪਰਗਟ ਸਿੰਘ ਸਰਹਾਲੀ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ, ਜ਼ਿਲ੍ਹਾ ਸਕੱਤਰ ਗੁਰਵਿੰਦਰ ਸਿੰਘ ਬਜੂਹਾ, ਗੁਰਾਇਆ ਬਲਾਕ ਪ੍ਰਧਾਨ ਸੁਖਵੀਰ ਸਿੰਘ, ਨਕੋਦਰ ਬਲਾਕ ਪ੍ਰਧਾਨ ਹਰਨੇਕ ਸਿੰਘ, ਚੈਂਚਲ ਸਿੰਘ, ਸਰਪੰਚ ਕਮਲਜੀਤ ਕੌਰ ਪਿੰਡ ਚਿੱਤੇਬਾਣੀ, ਅਮਰੀਕ ਸਿੰਘ ਮੰਡ ਆੜ੍ਹਤੀਆ, ਭੁਪਿੰਦਰ ਸਿੰਘ ਚੀਮਾ, ਪਰਮਜੀਤ ਸਿੰਘ ਤੇ ਹੋਰ ਪਿੰਡ ਵਾਸੀ ਅਤੇ ਡੇਅਰੀ ਮਾਲਕ ਵੀ ਮੌਜੂਦ ਸਨ |